ਨਾਭਾ ਵਿਧਾਇਕ ਦੇਵ ਮਾਨ ਦੀਆਂ ਵਧੀਆਂ ਮੁਸ਼ਕਲਾਂ/ ਬਜ਼ੁਰਗ ਨਾਲ ਗਲਤ-ਵਿਵਹਾਰ ਦੇ ਇਲਜ਼ਾਮ/ ਵੀਡੀਓ ਵਾਇਰਲ, ਗੁੱਸੇ ’ਚ ਲੋਕ

0
4

ਆਮ ਆਦਮੀ ਪਾਰਟੀ ਦੇ ਨਾਭਾ ਤੋਂ ਵਿਧਾਇਕ ਦੇਵ ਮਾਨ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਵਿਧਾਇਕ ਉਤੇ ਇਕ ਬਜ਼ੁਰਗ ਨੂੰ ਲੱਤਾਂ ਮਾਰ ਕੇ ਸਟੇਜ ਤੋਂ ਹੇਠਾਂ ਉਤਾਰਨ ਦੇ ਇਲਜ਼ਾਮ ਲੱਗੇ ਨੇ। ਘਟਨਾ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਯਾਦ ਵਿਚ ਹੋਏ ਸਮਾਗਮ ਦੀ ਦੱਸੀ ਜਾ ਰਹੀ ਹੈ। ਘਟਨਾ ਦੀਆਂ ਵੀਡੀਓ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿਸ ਤੋਂ ਬਾਅਦ ਵੀਡੀਓ ਵਿਚ ਦਿਖਾਈ ਦਿੰਦੇ ਬਜ਼ੁਰਗ ਦੇ ਪਿੰਡ ਵਾਸੀਆਂ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ। ਲੋਕਾਂ ਨੇ ਵਿਧਾਇਕ ਖਿਲਾਫ ਕਾਰਵਾਈ ਮੰਗੀ ਹੈ।
ਖਬਰਾਂ ਮੁਤਾਬਕ ਘਟਨਾ ਅਮਰ ਸਿੰਘ ਚਮਕੀਲਾ ਦੀ ਬਰਸੀ ਸਬੰਧੀ ਹੋਏ ਸਮਾਗਮ ਸਮੇਂ ਦੀ ਹੈ ਜਿੱਥੇ ਇੱਕ ਬਜ਼ੁਰਗ ਸਟੇਜ ‘ਤੇ ਪੈਸੇ ਦੇਣ ਗਿਆ ਸੀ। ਪਰ ਉੱਥੇ ਮੌਜੂਦ ਵਿਧਾਇਕ ਦੇਵ ਮਾਨ ਨੂੰ ਇਹ ਗੱਲ ਪਸੰਦ ਨਹੀਂ ਆਈ ਅਤੇ ਉਨ੍ਹਾਂ ਨੇ ਬਜ਼ੁਰਗ ਦਾ ਸਨਮਾਨ ਕਰਨ ਦੀ ਬਜਾਏ ਉਸ ਨੂੰ ਲੱਤਾਂ ਮਾਰ ਕੇ ਸਟੇਜ ਤੋਂ ਧੱਕਾ ਦੇ ਦਿੱਤਾ।
ਬਜ਼ੁਰਗ ਦਾ ਕਹਿਣਾ ਹੈ, “ਮੈਂ ਤਾਂ ਸਿਆਣਾ ਬੰਦਾ ਹਾਂ, ਸਿਰਫ ਗਾਉਣ ਵਾਲਿਆਂ ਨੂੰ ਪੈਸੇ ਦੇਣ ਗਿਆ ਸੀ। ਪੁਲਿਸ ਵਾਲੇ ਮੈਨੂੰ ਉਤਾਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਵਿਧਾਇਕ ਨੇ ਆਪ ਮੈਨੂੰ ਲੱਤਾਂ ਮਾਰੀਆਂ। ਮੈਨੂੰ ਬਹੁਤ ਬੇਇੱਜ਼ਤੀ ਮਹਿਸੂਸ ਹੋ ਰਹੀ ਹੈ, ਮੈਂ ਤਾਂ ਹੁਣ ਘਰੋਂ ਬਾਹਰ ਨਿਕਲਣ ਤੋਂ ਵੀ ਡਰਦਾ ਹਾਂ।
ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਗੁੱਸੇ ਦੀ ਲਹਿਰ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਵਿਧਾਇਕ ਨੂੰ ਉਨ੍ਹਾਂ ਨੇ ਆਪਣੀਆਂ ਵੋਟਾਂ ਪਾ ਕੇ ਜਿਤਾਇਆ ਸੀ, ਅੱਜ ਉਹੀ ਉਨ੍ਹਾਂ ਦੇ ਬਜ਼ੁਰਗਾਂ ਦੀ ਪੱਗ ਨੂੰ ਹੱਥ ਪਾ ਰਿਹਾ ਹੈ। ਉੱਥੇ ਹੀ ਬਾਕੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਨੂੰ ਇਹੀ ਰੋਸ ਹੈ ਕਿ ਸਾਡੇ ਹੀ ਬਣਾਏ ਐਮ.ਐਲ.ਏ. ਨੇ ਸਾਡੇ ਬਜ਼ੁਰਗ ਨੂੰ ਲੱਤਾਂ ਕਿਉਂ ਮਾਰੀਆਂ? ਅਸੀਂ ਆਪ ਇਸ ਪਾਰਟੀ ਨੂੰ ਚੁੱਕਿਆ ਸੀ, ਪਰ ਹੁਣ ਅਸੀਂ ਆਮ ਆਦਮੀ ਪਾਰਟੀ ਨੂੰ ਆਪਣੇ ਪਿੰਡ ਨਹੀਂ ਵੜਨ ਦਿਆਂਗੇ। ਪਿੰਡ ਦੇ ਸਰਪੰਚ ਅਤੇ ਮੋਹਤਬਰ ਬੰਦਿਆਂ ਨੇ ਮੀਟਿੰਗ ਸੱਦ ਲਈ ਹੈ।
ਉਨ੍ਹਾਂ ਦਾ ਸਪੱਸ਼ਟ ਕਹਿਣਾ ਹੈ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਅਤੇ ਵਿਧਾਇਕ ਮੁਆਫੀ ਨਹੀਂ ਮੰਗਦਾ, ਉਦੋਂ ਤੱਕ ਪਿੰਡ ਵਿੱਚ ਕਿਸੇ ਵੀ ਸਿਆਸੀ ਗਤੀਵਿਧੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ। ਅਸੀਂ ਸਾਰੇ ਪਿੰਡ ਦਾ ਇਕੱਠ ਕਰਕੇ ਅਗਲੀ ਰਣਨੀਤੀ ਉਲੀਕਾਂਗੇ। ਸਾਨੂੰ ਕੋਈ ਪਾਰਟੀ ਪਿਆਰੀ ਨਹੀਂ, ਸਾਨੂੰ ਆਪਣੇ ਬਜ਼ੁਰਗਾਂ ਦੀ ਇੱਜ਼ਤ ਪਿਆਰੀ ਹੈ।

LEAVE A REPLY

Please enter your comment!
Please enter your name here