ਕਪੂਰਥਲਾ ’ਚ ਧੁੱਸੀ ਬੰਨ੍ਹ ਦੀ ਮਜਬੂਤੀ ਦਾ ਕੰਮ ਜਾਰੀ/ ਬੰਨ੍ਹ ’ਤੇ ਜੰਗੀ ਪੱਧਰ ’ਤੇ ਪਾਈ ਜਾ ਰਹੀ ਮਿੱਟੀ/ ਸਰਕਾਰ ਦੇ ਸਹਿਯੋਗ ਤੋਂ ਲੋਕ ਖੁਸ਼, ਕਰ ਰਹੇ ਤਾਰੀਫ

0
2

ਸਾਲਾਂ ਤੋਂ ਨਜ਼ਰਅੰਦਾਜ਼ ਹੁੰਦੇ ਆ ਰਹੇ ਮੰਡ ਇਲਾਕੇ ਵਿੱਚ ਹੁਣ ਵਿਕਾਸ ਦੀ ਹਵਾ ਵਗਣ ਲੱਗੀ ਪਈ ਹੈ। ਧੁੱਸੀ ਬੰਨ੍ਹ ’ਤੇ ਇਸ ਵੇਲੇ ਜੰਗੀ ਪੱਧਰ ’ਤੇ ਮਿੱਟੀ ਦਾ ਕੰਮ ਜਾਰੀ ਹੈ, ਜਿਸ ਨੇ ਇਲਾਕੇ ਦੇ ਲੋਕਾਂ ਵਿੱਚ ਨਵੀਂ ਉਮੀਦ ਜਗਾ ਦਿੱਤੀ ਹੈ। ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਨਿਵਾਸੀਆਂ ਨੇ ਇਕ ਸੁਰ ਵਿੱਚ ਕਿਹਾ ਕਿ ਸਾਡੀ ਜੂਨ ਹੁਣ ਸੁਧਰ ਗਈ ਹੈ। ਮੁੱਖ ਮੰਤਰੀ ਮਾਨ ਅਤੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦਾ ਧੰਨਵਾਦ ਕਰਦਿਆਂ ਲੋਕਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰ ਨੇ ਮੰਡ ਦੇ ਲੋਕਾਂ ਦੀ ਅਸਲ ਮਾਇਨੇ ਵਿੱਚ ਸਾਰ ਲਈ ਹੈ ਜਦਕਿ ਪਿਛਲੀਆਂ ਸਰਕਾਰਾਂ ਸਿਰਫ ਵਾਅਦੇ ਹੀ ਕਰਦੀਆਂ ਰਹੀਆਂ ਹਨ।
ਲੋਕਾਂ ਨੇ ਪਿਛਲੀਆਂ ਸਰਕਾਰਾਂ ’ਤੇ ਤਿੱਖਾ ਤੰਜ ਕਸਦਿਆਂ ਕਿਹਾ ਕਿ ਸਾਲਾਂ ਤੱਕ ਸਿਰਫ਼ ਵਾਅਦੇ ਹੀ ਕੀਤੇ ਗਏ, ਪਰ ਜ਼ਮੀਨੀ ਪੱਧਰ ’ਤੇ ਕੁਝ ਵੀ ਨਹੀਂ ਕੀਤਾ ਗਿਆ। 2019 ਵਿੱਚ ਜਦੋਂ ਬੰਨ ਟੁੱਟਿਆ ਸੀ, ਉਸ ਸਮੇਂ ਹਾਲਾਤ ਇੰਨੇ ਖਰਾਬ ਸਨ ਕਿ ਸਰਕਾਰ ਵੱਲੋਂ ਦਰੱਖਤ ਕੱਟ ਕੇ ਬੰਨ ਵਿੱਚ ਸੁੱਟੇ ਜਾ ਰਹੇ ਸਨ, ਪਰ ਪੱਕਾ ਹੱਲ ਕਿਸੇ ਨੇ ਨਹੀਂ ਕੀਤਾ।
ਸਰਪੰਚ ਹਰਵਿੰਦਰ ਸਿੰਘ ਨੇ ਦੱਸਿਆ ਕਿ 1988 ਤੋਂ ਬਾਅਦ ਪਹਿਲੀ ਵਾਰ ਕਿਸੇ ਸਰਕਾਰ ਵੱਲੋਂ ਬੰਨਾਂ ਨੂੰ ਵੱਡੇ ਪੱਧਰ ’ਤੇ ਚੌੜਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜੋ ਇਲਾਕੇ ਲਈ ਇਤਿਹਾਸਕ ਕਦਮ ਹੈ। ਇਸ ਦੌਰਾਨ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਮੌਕੇ ’ਤੇ ਪਹੁੰਚ ਕੇ ਕੰਮ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰੇ ਸਮੇਂ ਇਹ ਮੁੱਦਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਹੁਣ ਧੁੰਸੀ ਬੰਨ੍ਹ ਨੂੰ ਪਿੰਡ ਦਾਰੇਵਾਲ ਤੋਂ ਖਿਜਰਪੁਰ ਤੱਕ  22 ਫੁੱਟ ਅਤੇ ਕਈ ਥਾਵਾਂ ’ਤੇ 27 ਫੁੱਟ ਤੱਕ ਚੌੜਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਇਸ ਰਸਤੇ ’ਤੇ ਵਾਹਨਾਂ ਦੀ ਕ੍ਰਾਸਿੰਗ ਕਰਨਾ ਵੀ ਔਖਾ ਹੁੰਦਾ ਸੀ, ਪਰ ਹੁਣ ਆਵਾਜਾਈ ਸੁਗਮ ਹੋਵੇਗੀ ਅਤੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਪ੍ਰੋਜੈਕਟ ਨਾਲ ਲਗਭਗ 35 ਤੋਂ 40 ਪਿੰਡਾਂ ਨੂੰ ਸਿੱਧਾ ਲਾਭ ਪਹੁੰਚੇਗਾ। ਮੰਡ ਵਾਸੀਆਂ ਨੇ ਕਿਹਾ ਕਿ ਇਹ ਕੰਮ ਨਾ ਸਿਰਫ਼ ਸੜਕ ਸੁਵਿਧਾ ਨੂੰ ਸੁਧਾਰੇਗਾ, ਸਗੋਂ ਹੜ੍ਹਾਂ ਤੋਂ ਬਚਾਅ ਲਈ ਵੀ ਮਜ਼ਬੂਤ ਕਦਮ ਸਾਬਤ ਹੋਵੇਗਾ। ਲੋਕਾਂ ਨੇ ਦਾਅਵਾ ਕੀਤਾ ਕਿ ਜੇ ਇਹ ਕੰਮ ਪਹਿਲਾਂ ਹੋ ਜਾਂਦਾ ਤਾਂ ਕਈ ਮੁਸੀਬਤਾਂ ਤੋਂ ਬਚਿਆ ਜਾ ਸਕਦਾ ਸੀ।

LEAVE A REPLY

Please enter your comment!
Please enter your name here