ਪੰਜਾਬ ਮ੍ਰਿਤਕ ਅਧਿਕਾਰੀ ਦੇ ਘਰ ਪਹੁੰਚੇ ਸੁਖਬੀਰ ਬਾਦਲ/ ਪਰਿਵਾਰ ਨੂੰ ਮਿਲ ਕੇ ਪ੍ਰਗਟਾਇਆ ਦੁੱਖ/ ਜਾਂਚ ਸੀਬੀਆਈ ਹਵਾਲੇ ਕਰਨ ਦੀ ਮੰਗ By admin - March 22, 2026 0 3 Facebook Twitter Pinterest WhatsApp ਪੰਜਾਬ ਦੇ ਚਰਚਿਤ ਮਾਮਲੇ ਨੂੰ ਲੈ ਕੇ ਸਿਆਸਤ ਹੋਰ ਵੀ ਗਰਮ ਹੋ ਗਈ ਹੈ। ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਮ੍ਰਿਤਕ ਗੁਰਦੀਪ ਸਿੰਘ ਰੰਧਾਵਾ ਦੇ ਘਰ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਘਟਨਾ ਨੂੰ ਦੁਖਦਾਈ ਕਰਾਰ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇੱਕ ਇਮਾਨਦਾਰ ਅਫਸਰ ਨੂੰ ਇਸ ਹੱਦ ਤੱਕ ਮਜਬੂਰ ਕੀਤਾ ਗਿਆ ਕਿ ਉਸਨੂੰ ਸੁਸਾਈਡ ਵਰਗਾ ਕਦਮ ਚੁੱਕਣਾ ਪਿਆ ਹੈ। ਸੁਖਬੀਰ ਬਾਦਲ ਨੇ ਮਾਮਲੇ ਦੀ ਨਿਰਪੱਖ ਜਾਂਚ ਲਈ ਇਸਨੂੰ ਸੀਬੀਆਈ ਹਵਾਲੇ ਕਰਨ ਦੀ ਮੰਗ ਕੀਤੀ ਹੈ। ਸੁਖਬੀਰ ਬਾਦਲ ਨੇ ਦੋਸ਼ ਲਗਾਇਆ ਕਿ ਸੰਬੰਧਤ ਅਫਸਰ, ਜੋ ਇੱਕ ਕਾਰਪੋਰੇਸ਼ਨ ਵਿੱਚ ਡਿਸਟ੍ਰਿਕਟ ਮੈਨੇਜਰ ਸੀ, ‘ਤੇ ਮੰਤਰੀ ਵੱਲੋਂ ਦਬਾਅ ਬਣਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਗੋਦਾਮਾਂ ਨੂੰ ਕਿਰਾਏ ‘ਤੇ ਦੇਣ ਦੇ ਮਾਮਲੇ ਵਿੱਚ ਕਥਿਤ ਤੌਰ ‘ਤੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਨ੍ਹਾਂ ਦੇ ਮੁਤਾਬਕ ਪਹਿਲਾਂ 20 ਹਜ਼ਾਰ ਮੈਟਰਿਕ ਟਨ ਗੋਦਾਮ ਮੰਤਰੀ ਦੇ ਪਿਤਾ ਦੇ ਨਾਮ ‘ਤੇ ਲਏ ਗਏ ਅਤੇ ਫਿਰ ਬਾਕੀ 30 ਹਜ਼ਾਰ ਮੈਟਰਿਕ ਟਨ ਵੀ ਉਸੇ ਨਾਮ ‘ਤੇ ਕਰਨ ਲਈ ਅਫਸਰ ‘ਤੇ ਦਬਾਅ ਪਾਇਆ ਗਿਆ। ਬਾਦਲ ਨੇ ਕਿਹਾ ਕਿ ਜਦੋਂ ਅਫਸਰ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਸਦੇ ਕੋਲ ਇਹ ਕਰਨ ਦਾ ਅਧਿਕਾਰ ਨਹੀਂ ਹੈ, ਤਾਂ ਉਸਨੂੰ ਲਗਾਤਾਰ ਡਰਾਇਆ-ਧਮਕਾਇਆ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਅਫਸਰ ਅਤੇ ਉਸਦੇ ਪਰਿਵਾਰ ਨੂੰ ਗੈਂਗਸਟਰਾਂ ਰਾਹੀਂ ਜਾਨੋਂ ਮਾਰਣ ਦੀਆਂ ਧਮਕੀਆਂ ਦਿੱਤੀਆਂ ਗਈਆਂ, ਜਿਸ ਕਾਰਨ ਪੂਰਾ ਪਰਿਵਾਰ ਦਹਿਸ਼ਤ ਵਿੱਚ ਆ ਗਿਆ। ਹਾਲਾਤ ਇਹ ਬਣ ਗਏ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੀ ਘਰ ਤੋਂ ਬਾਹਰ ਭੇਜ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਅਫਸਰ ਨੇ ਇਸ ਮਾਮਲੇ ਦੀ ਸ਼ਿਕਾਇਤ ਉੱਚ ਅਧਿਕਾਰੀਆਂ, ਇੱਥੋਂ ਤੱਕ ਕਿ ਚੀਫ ਸੈਕਟਰੀ ਅਤੇ ਵਿਭਾਗ ਦੇ ਐਮਡੀ ਨੂੰ ਵੀ ਕੀਤੀ ਸੀ, ਪਰ ਕਿਸੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਬਾਦਲ ਨੇ ਸਰਕਾਰ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਜਦੋਂ ਮੰਤਰੀ ਖੁਦ ਸ਼ਾਮਲ ਹੋਵੇ ਤਾਂ ਅਫਸਰ ਦੀ ਸੁਣਵਾਈ ਕੌਣ ਕਰੇਗਾ। ਮੁੱਖ ਮੰਤਰੀ ਮਾਨ ਵੱਲ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਸਰਕਾਰ ਸ਼ਿਕਾਇਤ ਤੱਕ ਦਰਜ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਪੁਲਿਸ ‘ਤੇ ਵੀ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਪੀੜਤ ਪਰਿਵਾਰ ਨੂੰ ਉਲਟੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਹ ਸਿਰਫ ਇੱਕ ਵਿਅਕਤੀ ਦੀ ਮੌਤ ਨਹੀਂ, ਸਗੋਂ ਪੂਰੇ ਸਿਸਟਮ ਦੀ ਨਾਕਾਮੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਦੇ ਨੇਤਾ ਅਤੇ ਮੰਤਰੀ ਹੀ ਸਭ ਤੋਂ ਵੱਡੇ “ਗੈਂਗਸਟਰ” ਬਣ ਚੁੱਕੇ ਹਨ, ਜੋ ਆਪਣੇ ਹੀ ਕਰਮਚਾਰੀਆਂ ਨੂੰ ਬਲੈਕਮੇਲ ਕਰ ਰਹੇ ਹਨ।