ਲਹਿਰਾਗਾਗਾ ਵਿਖੇ ‘ਸੌਂਹ ਪੰਜਾਬ ਦੀ’ ਮੇਲੇ ਦੀਆਂ ਰੌਣਕਾਂ/ ਦੂਜੇ ਦਿਨ ਕੈਬਨਿਟ ਮੰਤਰੀ ਗੋਇਲ ਨੇ ਭਰੀ ਹਾਜ਼ਰੀ/ ਵਿਰਸੇ ਦੀ ਸੰਭਾਲ ਲਈ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ

0
3

ਪੰਜਾਬ ਕਲਾ ਪ੍ਰੀਸਦ ਚੰਡੀਗੜ੍ਹ ਵੱਲੋਂ ਲਹਿਰਾਗਾਗਾ ਵਿਖੇ ਪਹਿਲਾ ਸਿਰਜਣਤਾਮਕ ਮੇਲਾ ‘ਸੌਂਹ ਪੰਜਾਬ ਦੀ’ ਕਰਵਾਇਆ ਜਾ ਰਿਹਾ ਹੈ। ਪੰਜਾਬ ਦੀਆਂ ਦਿਹਾਤੀ ਲੋਕ ਕਲਾਵਾਂ, ਦਸਤਕਾਰੀ, ਲੋਕ ਗਾਇਕੀ, ਲੋਕ ਨਾਚਾਂ ਅਤੇ ਲਲਿਤ ਕਲਾਵਾਂ ਨੂੰ ਸਮਰਪਿਤ ਇਸ ਮੇਲੇ ਦੇ ਦੂਜੇ ਦਿਨ ਪੰਜਾਬ ਦੇ ਜਲ ਸਰੋਤ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕਰਨ ਪਹੁੰਚੇ। ਇਸ ਮੌਕੇ ਆਪਣੇ ਸੰਬੋਧਨ ਵਿਚ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਪੰਜਾਬ ਕਲਾ ਪਰਿਸ਼ਦ ਵੱਲੋਂ ਨਵੀਂ ਪੀੜੀ ਨੂੰ ਸੱਭਿਆਚਾਰ ਅਤੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਲਾਏ ਸਿਰਜਣਾਤਮਕ-ਮੇਲੇ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ-ਸਰਕਾਰ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਨਰੋਈਆਂ ਕਦਰਾਂ-ਕੀਮਤਾਂ ਦੇ ਪਰਸਾਰ ਲਈ ਲਗਾਤਾਰ ਯਤਨਸ਼ੀਲ ਹੈ।
ਇਸ ਮੌਕੇ ਅਕਸ ਰੰਗਮੰਚ ਵੱਲੋਂ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾ ‘ਚ ‘ਬੁੱਲਾ ਕੀ ਜਾਣਾਂ ਮੈਂ ਕੌਣ’ ਅਤੇ ਨਾਟਯਮ ਪੰਜਾਬ ਵੱਲੋੰ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ‘ਚ ‘ਅੱਜ ਦੇ ਏਕਲਵਯ’  ਨਾਟਕ ਦਾ ਭਾਵਪੂਰਤ ਮੰਚਨ ਕੀਤਾ। ਰਾਗੀ ਹਰਮਿੰਦਰ ਸਿੰਘ ਜਲਾਲ ਅਤੇ ਸਾਥੀਆਂ ਵੱਲੋੰ ਤੂੰਬੇ-ਅਲਗੋਜੇ ਦੀ ਗਾਇਕੀ ਨਾਲ ਰੰਗ ਬੰਨਿਆ। ਢਾਡੀ ਅਲਬਾਜ਼ ਖਾਂ ਗੋਸਲਾਂ ਵਾਲੇ ਅਤੇ ਸਾਥੀਆਂ, ਮਾਲਵਾ ਹੇਕ ਵੱਲੋੰ ਜਗਦੀਸ਼ ਪਾਪੜਾ ਅਤੇ ਸਾਥੀਆਂ ਨੇ ਵੀ ਲੋਕ ਤੱਥ ਪੇਸ਼ ਕੀਤੇ।
ਇਸੇ ਤਰ੍ਹਾਂ ਚੱਠਿਆਂ ਵਾਲੇ ਬਾਬਿਆਂ ਨੇ ਮਲਵਈ-ਗਿੱਧੇ ਦੀ ਬਾਕਮਾਲ ਪੇਸ਼ਕਾਰੀ ਦਿੱਤੀ।  ਮੇਲੇ ਵਿਚ ਨੌਜਵਾਨ ਕਲਾਕਾਰਾਂ ਦੀਆਂ ਵਰਕਸ਼ਾਪਾਂ ਤੋਂ ਇਲਾਵਾ ਦਿਹਾਤੀ ਦਸਤਕਾਰੀ, ਖੱਡੀ ਬੁਣਨਾ, ਦਰੀਆਂ ਬੁਣਨਾ, ਚਰਖਾ ਕੱਤਣਾ, ਪੱਖੀਆਂ ਛਿੱਕੂ ਆਦਿ ਬਣਾਉਣਾ ਅਤੇ ਕਸੀਦਾਕਾਰੀ ਦੀ ਗਤੀਸ਼ੀਲ ਪ੍ਰਦਰਸ਼ਨੀ ਵੀ ਸ਼ਾਮਿਲ ਹੈ। ਚੇਅਰਮੈਨ ਸਵਰਨਜੀਤ ਸਵੀ ਨੇ ਦੱਸਿਆ ਕਿ ਇਸ ਸਿਰਜਣਾਤਮਕ ਮੇਲੇ ਦਾ ਮਕਸਦ ਸੂਬੇ ਦੀ ਦਿਹਾਤੀ ਦਸਤਕਾਰੀ ਅਤੇ ਲੋਕ ਕਲਾਵਾਂ ਨੂੰ ਉਤਸਾਹਿਤ ਕਰਕੇ ਮੰਡੀਕਾਰੀ ਦੇ ਸਮਰੱਥ ਬਣਾਉਣਾ ਹੈ।
ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੀਬਾ ਕੈਂਪਸ, ਲਹਿਰਾਗਾਗਾ ਵਿਖੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਮੇਲੇ ਵਿਚ ਕੈਬਨਿਟ ਮੰਤਰੀ ਬਰਿੰਦਰ ਗੋਇਲ ਤੋਂ ਇਲਾਵਾ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ, ਪਟਿਆਲਾ ਦੇ ਵਾਇਸ ਚਾਂਸਲਰ ਡਾ. ਪੁਸ਼ਵਿੰਦਰ ਸਿੰਘ ਗਿੱਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਯੁਵਕ ਭਲਾਈ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਅਤੇ ਪਰਧਾਨ ਅਸ਼ਵਨੀ ਚੇਤਲੀ ਨੇ ਵੀ ਵਿਸ਼ੇਸ਼-ਮਹਿਮਾਨ ਵਜੋਂ ਹਾਜ਼ਰੀ ਭਰੀ ਅਤੇ ਪ੍ਰਬੰਧਕਾਂ ਦੀ ਇਸ ਉਪਰਾਲੇ ਲਈ ਭਰਵੀਂ ਸ਼ਲਾਘਾ ਕੀਤੀ।

LEAVE A REPLY

Please enter your comment!
Please enter your name here