ਸੰਗਰੂਰ ‘ਚ ਭਾਰੀ ਮੀਂਹ ਨੇ ਤੋੜੇ ਕਿਸਾਨਾਂ ਦੇ ਸੁਪਨੇ/ ਬਰਬਾਦ ਹੋਈ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ/ ਸਰਕਾਰ ਅੱਗੇ ਮਦਦ ਲਈ ਗੁਹਾਰ

0
3

ਅੰਨਦਾਤਾ ਇੱਕ ਵਾਰ ਫਿਰ ਕੁਦਰਤ ਦੀ ਮਾਰ ਹੇਠ ਹੈ। ਸੰਗਰੂਰ ਜ਼ਿਲ੍ਹੇ ਵਿੱਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਰਸਾਤ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਮੂੰਹ ਆਈ ਬੁਰਕੀ ਖੋਹ ਲਈ ਹੈ। ਵਾਢੀ ਦੇ ਬਿਲਕੁਲ ਨੇੜੇ ਪਹੁੰਚੀ ਕਣਕ ਦੀ ਸੁਨਹਿਰੀ ਫਸਲ ਹੁਣ ਖੇਤਾਂ ਵਿੱਚ ਵਿਛ ਚੁੱਕੀ ਹੈ, ਜਿਸ ਨੂੰ ਵੇਖ ਕੇ ਕਿਸਾਨ ਹੰਝੂ ਵਹਾਉਣ ਲਈ ਮਜਬੂਰ ਹਨ। ਕਿਸਾਨਾਂ ਦੇ ਦੱਸਣ ਮੁਤਾਬਕ ਮੀਂਹ ਤੇ ਤੇਜ਼ ਹਵਾਵਾਂ ਦੇ ਚਲਦਿਆਂ 70 ਤੋਂ 80 ਫੀਸਦੀ ਕਣਕ ਧਰਤੀ ਤੇ ਵਿੱਛ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਟੇਜ ਤੇ ਕਣਕ ਡਿੱਗਣ ਨਾਲ ਦਾਣੇ ਦੀ ਗੁਣਵੰਤਾ ਪ੍ਰਭਾਵਤ ਹੋਣ ਦੇ ਨਾਲ ਨਾਲ ਝਾੜ ਘਟਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਕਿਸਾਨਾਂ ਨੇ ਸਰਕਾਰ ਅੱਗੇ ਮਦਦ ਲਈ ਗੁਹਾਰ ਲਾਈ ਹੈ।
ਉਧਰ ਮਾਹਿਰਾਂ ਨੇ ਮੀਂਹ ਨਾਲ ਡਿੱਗੀ ਕਣਕ ਦੇ ਨੁਕਸਾਨ ਦਾ ਖਦਸ਼ਾ ਜਾਹਰ ਕੀਤਾ ਹੈ। ਮਾਹਿਰਾਂ ਮੁਤਾਬਕ ਇਸ ਸਥਿਤੀ ਨੂੰ ‘ਲੌਜਿੰਗ’ ਕਿਹਾ ਜਾਂਦਾ ਹੈ, ਜਿਸ ਤੋਂ ਬਾਅਦ ਫਸਲ ਨੂੰ ਦੁਬਾਰਾ ਖੜ੍ਹਾ ਕਰਨਾ ਨਾਮੁਮਕਿਨ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਫਸਲ ਡਿੱਗਣ ਕਾਰਨ ਦਾਣਾ ਕਾਲਾ ਪੈ ਜਾਵੇਗਾ ਅਤੇ ਉਸ ਵਿੱਚ ਨਮੀ ਵਧਣ ਕਾਰਨ ਗੁਣਵੱਤਾ ਖਤਮ ਹੋ ਜਾਵੇਗੀ। ਇਸ ਨਾਲ ਨਾ ਸਿਰਫ ਮੰਡੀਆਂ ਵਿੱਚ ਘੱਟ ਭਾਅ ਮਿਲੇਗਾ, ਬਲਕਿ ਅਗਲੇ ਸਾਲ ਲਈ ਬੀਜ ਰੱਖਣਾ ਵੀ ਮੁਸ਼ਕਲ ਹੋਵੇਗਾ। ਸਭ ਤੋਂ ਵੱਡੀ ਮਾਰ ਉਨ੍ਹਾਂ ਕਿਸਾਨਾਂ ‘ਤੇ ਪਈ ਹੈ ਜਿਨ੍ਹਾਂ ਨੇ ਮਹਿੰਗੇ ਭਾਅ ‘ਤੇ ਜ਼ਮੀਨਾਂ ਠੇਕੇ ‘ਤੇ ਲਈਆਂ ਸਨ। ਕਿਸਾਨਾਂ ਦਾ ਕਹਿਣਾ ਹੈ ਕਿ  ਉਨ੍ਹਾਂ ਦੀ ਸਾਰੀ ਮਿਹਨਤ ਮਿੱਟੀ ਵਿੱਚ ਮਿਲ ਗਈ ਹੈ ਅਤੇ ਹੁਣ ਕੰਬਾਈਨਾਂ ਵਾਲੇ ਵੀ ਵਾਢੀ ਲਈ ਦੁੱਗਣਾ ਪੈਸਾ ਮੰਗਣਗੇ। ਕਿਸਾਨਾਂ ਨੇ ਸਰਕਾਰ ਤੋਂ ਸੈਟੇਲਾਈਟ ਰਾਹੀਂ ਨੁਕਸਾਨ ਦਾ ਜਾਇਜ਼ਾ ਲੈ ਕੇ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਜਲਦ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਨਾ ਦਿੱਤਾ, ਤਾਂ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਜਾਵੇਗੀ। ਹੁਣ ਸਾਰੀਆਂ ਨਜ਼ਰਾਂ ਪ੍ਰਸ਼ਾਸਨ ‘ਤੇ ਟਿਕੀਆਂ ਹਨ ਕਿ ਉਹ ਕਦੋਂ ਇਨ੍ਹਾਂ ਪੀੜਤ ਕਿਸਾਨਾਂ ਦੀ ਸਾਰ ਲੈਂਦਾ ਹੈ। ਕੁਦਰਤ ਦੀ ਇਸ ਮਾਰ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕਿਸਾਨ ਦੀ ਕਿਸਮਤ ਅਜੇ ਵੀ ਮੌਸਮ ਦੇ ਰਹਿਮੋ-ਕਰਮ ‘ਤੇ ਹੈ।

LEAVE A REPLY

Please enter your comment!
Please enter your name here