ਪੰਜਾਬ ਅੰਮ੍ਰਿਤਸਰ ਕੇਂਦਰੀ ਜੇਲ੍ਹ ’ਚ ਕੈਦੀਆਂ ਨੂੰ ਵੰਡੇ ਰਾਸ਼ਨ ਤੇ ਕੱਪੜੇ/ ਰਮਜ਼ਾਨ ਮੌਕੇ ਮੁਸਲਿਮ ਭਾਈਚਾਰੇ ਦਾ ਉਪਰਾਲਾ/ ਜੇਲ੍ਹ ਅੰਦਰ ਮਸਜਿਦ ਬਣਾਉਣ ਦੀ ਕੀਤੀ ਮੰਗ By admin - March 18, 2026 0 2 Facebook Twitter Pinterest WhatsApp ਰਮਜ਼ਾਨ ਦੇ ਪਵਿੱਤਰ ਮਹੀਨੇ ਅਤੇ ਆਉਣ ਵਾਲੀ ਈਦ ਨੂੰ ਮੱਦੇਨਜ਼ਰ ਰੱਖਦੇ ਹੋਏ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਅੰਮ੍ਰਿਤਸਰ ਕੇਂਦਰੀ ਜੇਲ ਵਿੱਚ ਬੰਦ ਮੁਸਲਿਮ ਕੈਦੀਆਂ ਲਈ ਰਾਸ਼ਨ, ਫਲ-ਫਰੂਟ ਅਤੇ ਕੱਪੜਿਆਂ ਸਮੇਤ ਹੋਰ ਜਰੂਰੀ ਸਮਾਨ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਮੌਲਾਨਾ ਸਾਹਿਬ ਅਤੇ ਭਾਈਚਾਰੇ ਦੇ ਹੋਰ ਮੈਂਬਰਾਂ ਨੇ ਜੇਲ ਅੰਦਰ ਬੰਦ ਮੁਸਲਿਮ ਕੈਦੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਰਮਜ਼ਾਨ ਦੇ ਮਹੀਨੇ ਵਿੱਚ ਇਬਾਦਤ ਲਈ ਲੋੜੀਂਦਾ ਸਮਾਨ ਦਿੱਤਾ। ਭਾਈਚਾਰੇ ਨੇ ਪ੍ਰਸਾਸਨ ਤੋਂ ਮੁਸਲਿਮ ਕੈਦੀਆਂ ਲਈ ਜੇਲ੍ਹ ਅੰਦਰ ਮਸਜਿਦ ਬਣਾਉਣ ਦੀ ਮੰਗ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਹਜ ਕਮੇਟੀ ਦੇ ਮੈਂਬਰ ਮੁਹੰਮਦ ਯੂਸਫ ਨੇ ਦੱਸਿਆ ਕਿ ਪਿਛਲੇ ਹਫ਼ਤੇ ਵੀ ਉਹ ਜੇਲ ਵਿੱਚ ਆਏ ਸਨ ਅਤੇ ਕੈਦੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਲੋੜਾਂ ਦੀ ਲਿਸਟ ਤਿਆਰ ਕੀਤੀ ਸੀ। ਉਸ ਦੇ ਅਧਾਰ ‘ਤੇ ਅੱਜ ਮੁਸਲਿਮ ਭਾਈਚਾਰੇ ਦੀ ਸਹਿਯੋਗ ਨਾਲ ਵੱਡੀ ਮਾਤਰਾ ਵਿੱਚ ਸਮਾਨ ਇਕੱਠਾ ਕਰਕੇ ਜੇਲ ਵਿੱਚ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਲ ਵਿੱਚ ਭਾਰਤ ਦੇ ਨਾਲ-ਨਾਲ ਵੱਖ-ਵੱਖ ਦੇਸ਼ਾਂ ਦੇ ਮੁਸਲਿਮ ਕੈਦੀ ਵੀ ਬੰਦ ਹਨ, ਜਿਨ੍ਹਾਂ ਨੂੰ ਅਕਸਰ ਕੋਈ ਮਿਲਣ ਨਹੀਂ ਆਉਂਦਾ। ਇਸ ਲਈ ਭਾਈਚਾਰੇ ਨੇ ਇਹ ਫੈਸਲਾ ਕੀਤਾ ਕਿ ਰਮਜ਼ਾਨ ਦੇ ਮਹੀਨੇ ਵਿੱਚ ਉਨ੍ਹਾਂ ਤੱਕ ਜ਼ਰੂਰੀ ਸਮਾਨ ਅਤੇ ਖੁਸ਼ੀਆਂ ਪਹੁੰਚਾਈਆਂ ਜਾਣ। ਇਸ ਦੌਰਾਨ ਭਾਈਚਾਰੇ ਵੱਲੋਂ ਸਰਕਾਰ ਅੱਗੇ ਇੱਕ ਹੋਰ ਮੰਗ ਵੀ ਰੱਖੀ ਗਈ। ਉਨ੍ਹਾਂ ਕਿਹਾ ਕਿ ਜੇਲ ਅੰਦਰ ਗੁਰਦੁਆਰਾ, ਮੰਦਰ ਅਤੇ ਗਿਰਜਾਘਰ ਤਾਂ ਹਨ ਪਰ ਮੁਸਲਿਮ ਕੈਦੀਆਂ ਲਈ ਮਸਜਿਦ ਦੀ ਕੋਈ ਵਿਵਸਥਾ ਨਹੀਂ ਹੈ। ਇਸ ਲਈ ਜੇਲ ਅੰਦਰ ਇਕ ਛੋਟੀ ਜਿਹੀ ਮਸਜਿਦ ਬਣਾਈ ਜਾਵੇ ਤਾਂ ਜੋ ਮੁਸਲਿਮ ਕੈਦੀ ਅਰਾਮ ਨਾਲ ਆਪਣੀ ਇਬਾਦਤ ਕਰ ਸਕਣ। ਭਾਈਚਾਰੇ ਦੇ ਮੈਂਬਰਾਂ ਨੇ ਦੱਸਿਆ ਕਿ ਕੇਂਦਰੀ ਜੇਲ ਵਿੱਚ ਕਰੀਬ 150 ਤੋਂ 200 ਮੁਸਲਿਮ ਕੈਦੀ ਮੌਜੂਦ ਹਨ, ਜਿਨ੍ਹਾਂ ਵਿੱਚ ਕੁਝ ਵਿਦੇਸ਼ੀ ਵੀ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਉਹ ਜੇਲ ਮੰਤਰੀ ਅਤੇ ਹੋਰ ਅਧਿਕਾਰੀਆਂ ਨੂੰ ਮਿਲ ਕੇ ਇਹ ਮੰਗ ਰੱਖਣਗੇ ਅਤੇ ਜਿਨ੍ਹਾਂ ਕੈਦੀਆਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਉਨ੍ਹਾਂ ਦੀ ਰਿਹਾਈ ਲਈ ਵੀ ਯਤਨ ਕੀਤੇ ਜਾਣਗੇ। ਇਸ ਮੌਕੇ ਭਾਈਚਾਰੇ ਦੇ ਕਈ ਮੈਂਬਰ ਹਾਜ਼ਰ ਸਨ ਜਿਨ੍ਹਾਂ ਨੇ ਮਿਲ ਕੇ ਕੈਦੀਆਂ ਲਈ ਸਮਾਨ ਇਕੱਠਾ ਕੀਤਾ ਅਤੇ ਉਨ੍ਹਾਂ ਦੇ ਹੌਸਲੇ ਨੂੰ ਵਧਾਇਆ।