ਪੰਜਾਬ ਕੁਲਦੀਪ ਧਾਲੀਵਾਲ ਦਾ ਸੁਖਬੀਰ ਬਾਦਲ ਵੱਲ ਨਿਸ਼ਾਨਾ/ ਅਕਾਲੀ ਦਲ ਦੇ ਸੁਖਬੀਰ ਮਾਡਲ ’ਤੇ ਚੁੱਕੇ ਸਵਾਲ/ ਦਾਗੀ ਪਿਛੋਕੜ ਵਾਲਿਆਂ ਅੱਗੇ ਲਿਆਉਣ ਦੇ ਇਲਜ਼ਾਮ By admin - March 17, 2026 0 3 Facebook Twitter Pinterest WhatsApp ਆਮ ਆਦਮੀ ਪਾਰਟੀ ਦੇ ਬੁਲਾਰਾ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਉਤੇ ਵੱਡਾ ਸ਼ਬਦੀ ਹਮਲਾ ਬੋਲਿਆ ਹੈ। ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਤਰਨ ਤਾਰਨ ਤੋਂ ਕੰਚਨਪ੍ਰੀਤ ਨੂੰ ਪਾਰਟੀ ਦਾ ਜਿਲ੍ਹਾ ਇੰਚਾਰਜ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਇਸ ਕਦਮ ਨੇ ਪੰਜਾਬ ਅੰਦਰ ਸੁਖਬੀਰ ਮਾਡਲ ਲਿਆਉਣ ਦੀ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਨੇ ਸੁਖਬੀਰ ਮਾਡਲ ਹੀ ਲਿਆਉਣਾ ਹੈ ਤਾਂ ਅਕਾਲੀ ਦਲ ਨੂੰ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਟਿਕਟਾਂ ਦੇ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਗੈਂਗਸਟਰਵਾਦ ਤੇ ਨਸ਼ੇ ਲਿਆਉਣ ਲਈ ਸੁਖਬੀਰ ਬਾਦਲ ਜ਼ਿੰਮੇਵਾਰ ਹਨ, ਇਸ ਲਈ ਉਹ ਅਜਿਹੇ ਮਾਮਲਿਆਂ ਦੇ ਸਾਰੇ ਦੋਸ਼ੀਆਂ ਨੂੰ ਟਿਕਟਾਂ ਦੇ ਕੇ ਨਿਵਾਜਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੰਚਨਪ੍ਰੀਤ ਕੌਰ ਨੂੰ ਹਲਕਾ ਇੰਚਾਰਜ ਲਗਾ ਕੇ ਬਾਦਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ 2027 ਵਿੱਚ ਪੰਜਾਬ ਅੰਦਰ ਕਿਸ ਤਰ੍ਹਾਂ ਦਾ ਮਾਡਲ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਗੁਜਰਾਤ ਮਾਡਲ ਜਾਂ ਹਰਿਆਣਾ ਸਰਕਾਰ ਹਰਿਆਣਾ ਮਾਡਲ ਦੀ ਗੱਲ ਕਰਦੀ ਹੈ, ਉਸੇ ਤਰ੍ਹਾਂ ਹੁਣ ਸੁਖਬੀਰ ਬਾਦਲ ਪੰਜਾਬ ਵਿੱਚ ਆਪਣਾ ‘ਸੁਖਬੀਰ ਮਾਡਲ’ ਪੇਸ਼ ਕਰ ਰਹੇ ਹਨ, ਜੋ ਕਿ ਸਿਰਫ਼ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਨੂੰ ਉਤਸ਼ਾਹਿਤ ਕਰਨ ਵਾਲਾ ਹੈ। ਧਾਲੀਵਾਲ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਆਪਣੀ ‘ਗੈਂਗਸਟਰ ਲਿਆਓ ਮੁਹਿੰਮ’ ਤਹਿਤ ਅਜਿਹਾ ਮਾਡਲ ਪੇਸ਼ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਹੁਣੇ ਹੀ ਸਾਰੇ 117 ਹਲਕਿਆਂ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦੇਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੀ ਅਸਲ ਸੋਚ ਦਾ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਹੁਣ ਅਬੋਹਰ ਤੋਂ ਜਗਦੀਸ਼ ਭੋਲੇ ਵਰਗੇ ਲੋਕਾਂ ਨੂੰ ਵੀ ਟਿਕਟ ਦੇਣ ਦਾ ਐਲਾਨ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਸੁਖਬੀਰ ਬਾਦਲ ਨੂੰ ਸਵਾਲ ਕਰਦਿਆਂ ਪੁਛਿਆ ਕਿ ਉਹ ਡੇਰਾ ਬਾਬਾ ਨਾਨਕ ਤੋਂ ਅਲਗੋ ਵਰਗਿਆਂ ਦੇ ਨਾਮ ਐਲਾਨਣ ਵਿੱਚ ਦੇਰੀ ਕਿਉਂ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਨੇ ਪੰਜਾਬ ਦੇ ਜ਼ਖ਼ਮਾਂ ‘ਤੇ ਲੂਣ ਹੀ ਛਿੜਕਣਾ ਹੈ, ਤਾਂ ਸੁਖਬੀਰ ਬਾਦਲ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਨਿਹੱਥੇ ਸਿੱਖਾਂ ‘ਤੇ ਗੋਲੀਆਂ ਚਲਾਉਣ ਵਾਲੇ ਸੁਮੇਧ ਸੈਣੀ ਅਤੇ ਉਮਰਾਨੰਗਲ ਵਰਗੇ ਵਿਵਾਦਤ ਅਧਿਕਾਰੀਆਂ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਨ ਦਾ ਐਲਾਨ ਕਰ ਦੇਣ।ਧਾਲੀਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਤਾਂ ਹੁਣ ਗੁਰਮੀਤ ਰਾਮ ਰਹੀਮ ਕੋਲੋਂ ਵੀ ਸੂਚੀ ਮੰਗਵਾ ਲੈਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ‘ਗੈਂਗਸਟਰ ਅਤੇ ਗੁਨਾਹਗਾਰ’ ਮਾਡਲ ਦੀ ਤਸਵੀਰ ਪੂਰੀ ਤਰ੍ਹਾਂ ਸਾਫ਼ ਹੋ ਸਕੇ। ਧਾਲੀਵਾਲ ਨੇ ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਉਨ੍ਹਾਂ ‘ਕਮਾਊ ਪੁੱਤਾਂ’ ਨੂੰ ਟਿਕਟਾਂ ਦੇਣ ਜਿੰਨਾਂ ਨੇ ਦਰਬਾਰ ਸਾਹਿਬ ਦੀ ਲੰਗਰ ਦੀਆਂ ਸੁੱਕੀਆਂ ਰੋਟੀਆਂ ਦੇ ਸਕੈਂਡਲ ਕਰਕੇ ਬਾਦਲਾਂ ਦੇ ਘਰ ਪੈਸੇ ਭੇਜੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਜੀ, ਉਨ੍ਹਾਂ ਲੋਕਾਂ ਨੂੰ ਵੀ ਟਿਕਟ ਦਿਓ ਜਿੰਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਚੋਰੀ ਕੀਤੇ ਅਤੇ ਆਪਣੇ ਉਸ ਚਾਰਟਰਡ ਅਕਾਊਂਟੈਂਟ ਕੋਹਲੀ ਨੂੰ ਵੀ ਮੈਦਾਨ ਵਿੱਚ ਉਤਾਰੋ ਜੋ ਤੁਹਾਡੇ ਪੈਸਿਆਂ ਦਾ ਹਿਸਾਬ ਰੱਖਦਾ ਹੈ। ਇੱਥੋਂ ਤੱਕ ਕਿ ਉਨ੍ਹਾਂ ਸਾਬਕਾ ਜਥੇਦਾਰਾਂ ਨੂੰ ਵੀ ਟਿਕਟਾਂ ਦੇ ਦਿਓ ਜਿੰਨਾਂ ਨੇ ਤੁਹਾਡੇ ਕਹਿਣ ‘ਤੇ ਰਾਮ ਰਹੀਮ ਨੂੰ ਮੁਆਫ਼ੀ ਦਿੱਤੀ ਸੀ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕਿ ਤੁਹਾਡੀ ਟੋਲੀ ਵਿੱਚ ਕਿਸ ਤਰ੍ਹਾਂ ਦੇ ਲੋਕ ਸ਼ਾਮਲ ਹਨ। ਦੱਸਣਯੋਗ ਹੈ ਕਿ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਧਿਰਾਂ ਵੱਲੋਂ ਕੰਚਨਪ੍ਰੀਤ ਕੌਰ ਨੂੰ ਅਕਾਲੀ ਦਲ ਦਾ ਜ਼ਿਲ੍ਹਾ ਇੰਚਾਰਜ ਲਾਉਣ ਤੇ ਸਵਾਲ ਚੁੱਕੇ ਜਾ ਰਹੇ ਹਨ। ਵਿਰੋਧੀਆਂ ਦਾ ਕਹਿਣਾ ਹੈ ਕਿ ਕੰਚਨਪ੍ਰੀਤ ਕੌਰ ਦੇ ਵਿਦੇਸ਼ ਰਹਿੰਦਾ ਪਤੀ ਇੱਕ ਜਾਣਿਆ-ਪਛਾਣਿਆ ਗੈਂਗਸਟਰ ਹਨ। ਪਹਿਲਾਂ ਕੰਚਨਪ੍ਰੀਤ ਕੌਰ ਦੀ ਮਾਤਾ ਨੂੰ ਤਰਨਤਾਰਨ ਤੋਂ ਇਸ ਆਧਾਰ ‘ਤੇ ਚੋਣ ਮੈਦਾਨ ਵਿੱਚ ਉਤਾਰਨ ਵੇਲੇ ਉਨ੍ਹਾਂ ਦੇ ‘ਧਰਮੀ ਫੌਜੀ’ ਪਰਿਵਾਰ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਕੰਚਨਪ੍ਰੀਤ ਨੂੰ ਅਹਿਮ ਜ਼ਿੰਮੇਵਾਰੀ ਦੇਣ ਤੋਂ ਬਾਅਦ ਅਕਾਲੀ ਦਲ ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ ਹੈ।