ਅਬੋਹਰ ’ਚ ਸੜਕ ਹਾਦਸੇ ’ਚ 3 ਵਿਦਿਆਰਥੀ ਜ਼ਖਮੀ/ ਪੇਪਰ ਦੇ ਕੇ ਘਰ ਪਰਤਣ ਦੌਰਾਨ ਬੱਸ ਨਾਲ ਟੱਕਰ/ ਇਕ ਦੀ ਹਾਲਤ ਗੰਭੀਰ, ਪੁਲਿਸ ਕਰ ਰਹੀ ਜਾਂਚ

0
2

ਅਬੋਹਰ ਦੇ ਪਿੰਡ ਸੀਤੋ ਗੁੰਨੋ ਵਿਚ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਮੋਟਰ ਸਾਇਕਲ ਉਤੇ ਜਾ ਰਹੇ ਤਿੰਨ ਵਿਦਿਆਰਥੀਆਂ ਦੀ ਮਿੰਨੀ ਬੱਸ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਤਿੰਨ ਵਿਦਿਆਰਥੀ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਖੁੱਬਣ ਦੇ ਰਹਿਣ ਵਾਲੇ ਪੁਨੀਤ ਪੁੱਤਰ ਬਿੱਟੂ, ਸੌਰਵ ਪੁੱਤਰ ਅਬਦੁਲ ਅਤੇ ਹਰੀਸ਼ ਪੁੱਤਰ ਟੇਕ ਚੰਦ ਅੱਜ ਬਾਈਕ ਤੇ ਸਵਾਰ ਹੋ ਕੇ ਪਿੰਡ ਸੀਤੋ ਗੁੰਨੋ ਵਿੱਚ ਪੇਪਰ ਦੇਣ ਲਈ ਆਏ ਹੋਏ ਸਨ। ਦੁਪਹਿਰ ਨੂੰ ਪੇਪਰ ਖਤਮ ਹੋਣ ਤੋਂ ਬਾਅਦ ਜਦੋਂ ਉਹ ਬਾਈਕ ਤੇ ਵਾਪਸ ਘਰ ਜਾ ਰਹੇ ਸਨ ਤਾਂ ਸੀਤੋ ਗੁੰਨੋ ਸ਼ਮਸ਼ਾਨ ਘਾਟ ਦੇ ਨੇੜੇ ਇੱਕ ਨਿੱਜੀ ਕੰਪਨੀ ਦੀ ਬੱਸ ਅਚਾਨਕ ਸਵਾਰੀਆਂ ਚੁੱਕਣ ਲਈ ਅੱਗੇ ਆ ਕੇ ਬ੍ਰੇਕ ਲਗਾ ਦਿੱਤੀ ਜਿਸ ਕਾਰਨ  ਉਨ੍ਹਾਂ ਦੀ ਬਾਈਕ ਤੇਜ਼ ਰਫ਼ਤਾਰ ਨਾਲ ਬੱਸ ਦੇ ਪਿੱਛੇ ਜਾ ਟਕਰਾਈ ਅਤੇ ਤਿੰਨੇ ਸੜਕ ਤੇ ਡਿੱਗ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।  ਪੁਲਿਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਆਸਪਾਸ ਦੇ ਲੋਕਾਂ ਨੇ ਇਸ ਦੀ ਸੂਚਨਾ 112 ਹੈਲਪਲਾਈਨ ਨੂੰ ਦਿੱਤੀ। ਹੈਲਪਲਾਈਨ ਦੇ ਕਰਮਚਾਰੀ ਤੁਰੰਤ ਮੌਕੇ ਤੇ ਪਹੁੰਚੇ ਅਤੇ ਸੰਬੰਧਿਤ ਥਾਣੇ ਨੂੰ ਸੂਚਿਤ ਕੀਤਾ। ਜ਼ਖ਼ਮੀਆਂ ਵਿੱਚ ਪੁਨੀਤ ਅਤੇ ਸੌਰਵ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਦਕਿ ਹਰੀਸ਼ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਪੁਨੀਤ ਅਤੇ ਸੌਰਵ ਦਾ ਪ੍ਰਾਥਮਿਕ ਇਲਾਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਿਟੀ ਸਕੈਨ ਲਈ ਰੈਫਰ ਕਰ ਦਿੱਤਾ। ਉਧਰ ਸੀਤੋ ਚੌਕੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਰੀਬ ਦੋ ਸਾਲ ਪਹਿਲਾਂ ਵੀ ਇਸੇ ਮਾਰਗ ਤੇ ਇੱਕ ਨਿੱਜੀ ਕੰਪਨੀ ਦੀ ਬੱਸ ਨੇ ਇੱਕ ਔਰਤ ਨੂੰ ਕੁਚਲ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।

LEAVE A REPLY

Please enter your comment!
Please enter your name here