ਮਾਛੀਵਾੜਾ ਸਾਹਿਬ ਨੇੜਲੇ ਜੰਗਲਾਂ ’ਚੋਂ ਲੱਕੜ ਚੋਰੀ/ ਤਿੰਨ ਵੱਡੇ ਦਰੱਖਤ ਵੱਢ ਕੇ ਚੋਰ ਫਰਾਰ/ ਜੰਗਲਾਤ ਵਿਭਾਗ ਨੇ ਮੌਕੇ ਤੇ ਪਹੁੰਚ ਕੇ ਜਾਂਚ ਆਰੰਭੀ

0
3

 

ਮਾਛੀਵਾੜਾ ਸਾਹਿਬ ਨਜ਼ਦੀਕ ਸਰਹਿੰਦ ਨਹਿਰ ਕਿਨਾਰੇ ਜੰਗਲ ਵਿਚੋਂ ਲੱਕੜ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਪਾਲ ਮਾਜਰਾ ਨਜ਼ਦੀਕ ਜੰਗਲ ਵਿਚੋਂ ਤਿੰਨ ਵੱਡੇ ਦਰੱਖਤ ਚੋਰਾਂ ਵੱਲੋਂ ਵਢ ਕੇ ਲੱਕੜ ਚੋਰੀ ਕਰ ਲਈ ਗਈ ਹੈ। ਘਟਨਾ ਦੀ ਜਾਣਕਾਰੀ ਮਿਲਣ ਬਾਅਦ ਮੌਕੇ ਤੇ ਪਹੁੰਚੀ ਜੰਗਲਾਤ ਵਿਭਾਗ ਦੀ ਟੀਮ ਨੇ ਬਚੀ ਹੋਈ ਲੱਕੜੀ ਕਬਜ਼ੇ ਵਿਚ ਲੈ ਕੇ ਜਾਂਚ ਆਰੰਭ ਦਿੱਤੀ ਹੈ। ਵਿਭਾਗ ਵੱਲੋਂ ਇਲਾਕੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਮਦਦ ਨਾਲ ਚੋਰਾਂ ਦੀ ਪੈੜ ਨੱਪੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਮਾਛੀਵਾੜਾ ਸਾਹਿਬ ਨਜ਼ਦੀਕ ਜੰਗਲਾਂ ਵਿੱਚ ਲੱਕੜ ਚੋਰੀ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਲੱਕੜ ਚੋਰੀ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਜੰਗਲਾਤ ਵਿਭਾਗ ਵੱਲੋਂ ਲੱਕੜ ਦੀ ਹੋ ਰਹੀ ਚੋਰੀ ਨੂੰ ਰੋਕਣ ਲਈ ਕਿਸ ਤਰ੍ਹਾਂ ਕਾਰਵਾਈ ਨੂੰ ਅੰਜ਼ਾਮ ਤੱਕ ਪੁਹੰਚਾਇਆ ਜਾਂਦਾ ਹੈ। ਸਿਰਫ ਜੰਗਲੀ ਖੇਤਰ ਵਿੱਚ ਲੱਕੜ ਚੋਰੀ ਦਾ ਹੀ ਇਕ ਮੁੱਦਾ ਨਹੀਂ ਹੈ। ਇਸ ਤੋਂ ਇਲਾਵਾ ਜੰਗਲੀ ਖੇਤਰ ਵਿੱਚ ਕਈ ਤਰ੍ਹਾਂ ਦੇ ਗੈਰ ਕਾਨੂੰਨੀ ਢੰਗ ਨਾਲ ਲੋਕਾਂ ਦੁਆਰਾ ਕਬਜ਼ੇ ਕੀਤੇ ਹੋਏ ਹਨ। ਇਹਨਾਂ ਕਬਜਿਆਂ ਨੂੰ ਰੋਕਣ ਵਿਚ ਵੀ ਜੰਗਲਾਤ ਵਿਭਾਗ ਪੂਰੀ ਤਰ੍ਹਾਂ ਅਸਫ਼ਲ ਰਿਹਾ ਹੈ।
ਇਸ ਸਬੰਧੀ  ਪੁੱਛੇ ਜਾਣ ਤੇ ਵਣ ਰੇਂਜ ਅਧਿਕਾਰੀ ਸ਼ਮਿੰਦਰ ਸਿੰਘ ਨੇ ਦਸਿਆ ਕਿ ਸਰਹਿੰਦ ਨਹਿਰ ਕਿਨਾਰੇ ਜੰਗਲ ਵਿਚੋਂ ਕਰੀਬ ਤਿੰਨ ਦਰੱਖਤਾਂ ਦੀ ਚੋਰੀ ਹੋਈ ਹੈ। ਜਿਸ ਦੀ ਵਿਭਾਗ ਵੱਲੋਂ ਆਪਣੇ ਤੋਰ ਤੇ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਜੰਗਲੀ ਖੇਤਰ ਵਿੱਚ ਪਹਿਲਾਂ ਵੀ ਲੱਕੜ ਚੋਰੀ ਦੇ ਮਾਮਲੇ ਹੋਣ ਬਾਰੇ ਵੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਲੱਕੜ ਚੋਰੀ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਹਨ ਜਿੰਨ੍ਹਾਂ ਵਿੱਚੋਂ ਕਈ ਸੁਲਝਾ ਲਏ ਜਾਂਦੇ ਹਨ ਪਰ ਫਿਰ ਵੀ ਲੱਕੜ ਤਸਕਰ ਰਾਤ ਨੂੰ ਆ ਕੇ ਇਹਨਾਂ ਜੰਗਲਾਂ ਵਿੱਚ ਪਈ ਕੀਮਤੀ ਲੱਕੜ ਚੋਰੀ ਕਰ ਲੈ ਜਾਂਦੇ ਹਨ। ਜੰਗਲਾਤ ਵਿਭਾਗ ਦੀ ਜ਼ਮੀਨ ਤੇ ਹੋਏ ਗੈਰ ਕਾਨੂੰਨੀ ਢੰਗ ਨਾਲ ਕਬਜਿਆਂ ਬਾਰੇ ਉਹਨਾਂ ਕਿਹਾ ਕਿ ਮਾਲ ਵਿਭਾਗ ਨੂੰ ਲਿਖਤ ਵਿਚ ਭੇਜਿਆ ਜਾ ਚੁੱਕਾ ਹੈ ਕਿ ਕੁੱਝ ਜੰਗਲੀ ਖੇਤਰ ਦੀ ਨਿਸ਼ਾਨਦੇਹੀ ਕਰਵਾਈ ਜਾ ਸਕੇ ਤਾਂ ਕਿ ਬਹੁਤ ਜਲਦ ਲੋਕਾਂ ਦੇ ਕਬਜਿਆਂ ਵਿੱਚੋਂ ਜੰਗਲ ਦੀ ਜ਼ਮੀਨ ਨੂੰ ਛੁਡਵਾਇਆ ਜਾ ਸਕੇ।

LEAVE A REPLY

Please enter your comment!
Please enter your name here