ਪੰਜਾਬ ਬਾਘਾਪੁਰਾਣਾ ਸਰਪੰਚ ਹੈਪੀ ਕਤਲ ਮਾਮਲੇ ’ਚ ਨਵਾਂ ਮੋੜ/ ਵਾਇਰਲ ਵੀਡੀਓ ਬਾਰੇ ਸੱਸ ਦਾ ਵੱਡਾ ਖੁਲਾਸਾ/ ਦੋਸ਼ ਨਕਾਰਦਿਆਂ ਮੰਗਿਆ ਇਨਸਾਫ਼ By admin - March 8, 2026 0 2 Facebook Twitter Pinterest WhatsApp ਬਾਘਾਪੁਰਾਣਾ ਵਿੱਚ ਪਿੰਡ ਪੱਤੋ ਹੀਰਾ ਸਿੰਘ ਦੇ ਸਰਪੰਚ ਹਰਪਿੰਦਰ ਸਿੰਘ ਉਰਫ਼ ਹੈੱਪੀ ਦੇ ਕਤਲ ਮਾਮਲੇ ਵਿੱਚ ਹਰ ਰੋਜ਼ ਨਵੇਂ ਮੋੜ ਸਾਹਮਣੇ ਆ ਰਹੇ ਹਨ। ਇਸ ਮਾਮਲੇ ਨਾਲ ਜੁੜੀ ਰੂਪਿੰਦਰ ਕੌਰ ਨਾਮਕ ਮਹਿਲਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ, ਜਿਸ ਵਿੱਚ ਉਸ ਨੇ ਕਈ ਖੁਲਾਸੇ ਕੀਤੇ ਸਨ। ਪਰ ਹੁਣ ਇਸੇ ਰੁਪਿੰਦਰ ਕੌਰ ਦੀ ਸੱਸ ਚਰਨਜੀਤ ਕੌਰ ਨੇ ਮੀਡੀਆ ਸਾਹਮਣੇ ਆ ਕੇ ਆਪਣੇ ਪਰਿਵਾਰ ਦਾ ਪੱਖ ਰੱਖਿਆ ਹੈ। ਉਸ ਨੇ ਰੁਪਿੰਦਰ ਕੌਰ ਗੰਭੀਰ ਇਲਜਾਮ ਲਾਉਂਦਿਆਂ ਖੁਦ ਦੇ ਪਰਿਵਾਰ ਨੂੰ ਬੇਕਸੂਰ ਦਸਦਿਆਂ ਇਨਸਾਫ ਦੀ ਮੰਗ ਕੀਤੀ ਹੈ। ਚਰਨਜੀਤ ਕੌਰ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਵੱਡੇ ਪੁੱਤਰ ਮਨਪ੍ਰੀਤ ਸਿੰਘ ਦੀ ਸਾਲ 2023 ਵਿੱਚ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਗਿੱਲ ਦੀ ਰਹਿਣ ਵਾਲੀ ਰੂਪਿੰਦਰ ਕੌਰ ਨਾਲ ਲਵ ਮੈਰਿਜ ਹੋਈ ਸੀ। ਮਨਪ੍ਰੀਤ ਸਿੰਘ ਬਾਘਾਪੁਰਾਣਾ ਵਿੱਚ ਮੋਬਾਈਲ ਫੋਨ ਦੀ ਦੁਕਾਨ ਚਲਾਉਂਦਾ ਹੈ। ਚਰਨਜੀਤ ਕੌਰ ਨੇ ਦੋਸ਼ ਲਗਾਇਆ ਕਿ ਵਿਆਹ ਤੋਂ ਬਾਅਦ ਰੂਪਿੰਦਰ ਕੌਰ ਦਾ ਸੁਭਾਉ ਠੀਕ ਨਹੀਂ ਸੀ। ਉਹ ਘਰ ਦਾ ਕੋਈ ਕੰਮ ਨਹੀਂ ਕਰਦੀ ਸੀ ਅਤੇ ਜ਼ਿਆਦਾਤਰ ਸਮਾਂ ਮੋਬਾਈਲ ‘ਤੇ ਰੀਲ ਬਣਾਉਣ ਵਿੱਚ ਬਿਤਾਉਂਦੀ ਸੀ। ਜਦੋਂ ਉਸਨੂੰ ਸਮਝਾਇਆ ਜਾਂਦਾ ਸੀ ਤਾਂ ਉਹ ਝਗੜਾ ਕਰਨ ਲੱਗ ਪੈਂਦੀ ਸੀ। ਬਾਅਦ ਵਿੱਚ ਦੋਵੇਂ ਪਤੀ-ਪਤਨੀ ਆਪਣੀ ਮਰਜ਼ੀ ਨਾਲ ਬਾਘਾਪੁਰਾਣਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਏ, ਪਰ ਉੱਥੇ ਵੀ ਦੋਵਾਂ ਵਿਚਕਾਰ ਅਕਸਰ ਝਗੜਾ ਹੁੰਦਾ ਰਹਿੰਦਾ ਸੀ ਅਤੇ ਰੂਪਿੰਦਰ ਕੌਰ ਮਨਪ੍ਰੀਤ ਤੋਂ ਤਲਾਕ ਲੈਣ ਦੀ ਗੱਲ ਕਰਦੀ ਸੀ। ਉਨ੍ਹਾਂ ਦੱਸਿਆ ਕਿ ਬਾਘਾਪੁਰਾਣਾ ਵਿੱਚ ਰਹਿੰਦੇ ਸਮੇਂ ਰੂਪਿੰਦਰ ਕੌਰ ਦੀ ਦੋਸਤੀ ਪਿੰਡ ਪੱਤੋ ਹੀਰਾ ਸਿੰਘ ਦੇ ਇੱਕ ਪਰਿਵਾਰ ਨਾਲ ਹੋ ਗਈ ਸੀ। ਉਸ ਪਰਿਵਾਰ ਵਿੱਚ ਸਰਪੰਚ ਹਰਪਿੰਦਰ ਸਿੰਘ ਉਰਫ਼ ਹੈੱਪੀ ਅਤੇ ਉਨ੍ਹਾਂ ਦੀ ਪਤਨੀ ਨਾਲ ਉਸਦੀ ਨੇੜਤਾ ਵੱਧ ਗਈ ਸੀ ਅਤੇ ਉਹ ਅਕਸਰ ਇਕੱਠੇ ਘੁੰਮਣ ਵੀ ਜਾਂਦੇ ਸਨ। ਚਰਨਜੀਤ ਕੌਰ ਮੁਤਾਬਕ 21 ਜੂਨ 2025 ਨੂੰ ਹੈੱਪੀ ਸਰਪੰਚ ਅਤੇ ਉਨ੍ਹਾਂ ਦੀ ਪਤਨੀ ਰੂਪਿੰਦਰ ਕੌਰ ਨੂੰ ਉਸਦੇ ਘਰ ਤੋਂ ਆਪਣੇ ਨਾਲ ਲੈ ਗਏ ਸਨ। ਇਸ ਤੋਂ ਬਾਅਦ ਉਹ ਅਲੱਗ ਰਹਿਣ ਲੱਗ ਪਈ ਅਤੇ ਬਾਅਦ ਵਿੱਚ ਉਸ ਨੇ ਅਦਾਲਤ ਵਿੱਚ ਤਲਾਕ ਦਾ ਕੇਸ ਵੀ ਦਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਹੋਈ ਘਟਨਾ ਵਿੱਚ ਸਰਪੰਚ ਹੈੱਪੀ ਦੀ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ, ਪਰ ਇਸ ਮਾਮਲੇ ਵਿੱਚ ਉਨ੍ਹਾਂ ਦੇ ਪਤੀ ਅਤੇ ਪੁੱਤਰਾਂ ‘ਤੇ ਲੱਗੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਵੱਡਾ ਪੁੱਤਰ ਮਨਪ੍ਰੀਤ ਸਿੰਘ ਕੱਲ੍ਹ ਤੋਂ ਲਾਪਤਾ ਹੈ ਅਤੇ ਉਸਦਾ ਫੋਨ ਵੀ ਨਹੀਂ ਲੱਗ ਰਿਹਾ। ਜਦਕਿ ਛੋਟਾ ਪੁੱਤਰ ਜੋਬਨਪ੍ਰੀਤ ਸਿੰਘ ਅਤੇ ਪਤੀ ਜਸਵੰਤ ਸਿੰਘ ਖੇਤ ਵਿੱਚ ਕੰਮ ਕਰ ਰਹੇ ਸਨ, ਜਿਨ੍ਹਾਂ ਨੂੰ ਪੁਲਿਸ ਪੁੱਛਗਿੱਛ ਲਈ ਲੈ ਗਈ ਹੈ।ਚਰਨਜੀਤ ਕੌਰ ਨੇ ਦੋਸ਼ ਲਗਾਇਆ ਕਿ ਰੂਪਿੰਦਰ ਕੌਰ ਨੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਉਸਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਉਹ ਇਹ ਦੋਸ਼ ਲਗਾ ਰਹੀ ਸੀ ਤਾਂ ਪਹਿਲਾਂ ਕਿਉਂ ਨਹੀਂ ਦੱਸੇ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਬਾਘਾਪੁਰਾਣਾ ਦੇ ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ ਵੀ ਕਈ ਵਾਰ ਰੂਪਿੰਦਰ ਕੌਰ ਅਤੇ ਮਨਪ੍ਰੀਤ ਨੂੰ ਸਮਝਾਉਂਦੇ ਰਹੇ ਕਿ ਘਰ ਦਾ ਮਾਮਲਾ ਖਰਾਬ ਨਾ ਕਰੋ, ਪਰ ਗੱਲ ਨਹੀਂ ਬਣੀ। ਚਰਨਜੀਤ ਕੌਰ ਨੇ ਕਿਹਾ ਕਿ ਇਸ ਸਮੇਂ ਘਰ ਵਿੱਚ ਉਹ ਇਕੱਲੀ ਹਨ ਅਤੇ ਉਹ ਦਿਲ ਦੀ ਮਰੀਜ਼ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵੱਡਾ ਪੁੱਤਰ ਲਾਪਤਾ ਹੈ ਅਤੇ ਛੋਟੇ ਪੁੱਤਰ ਅਤੇ ਪਤੀ ਨੂੰ ਪੁਲਿਸ ਲੈ ਗਈ ਹੈ। ਉਨ੍ਹਾਂ ਦਾ ਪਰਿਵਾਰ ਬੇਗੁਨਾਹ ਹੈ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਰੁਪਿੰਦਰ ਕੌਰ ਨੇ ਵੀਡੀਓ ਵਿਚ ਦੋਸ਼ ਲਗਾਇਆ ਸੀ ਕਿ ਸਰਪੰਚ ਹੈੱਪੀ ਦੀ ਹੱਤਿਆ ਉਸਦੇ ਪਤੀ ਮਨਪ੍ਰੀਤ ਸਿੰਘ ਉਰਫ਼ ਬਬਲੂ, ਭਰਾ ਜੋਬਨਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਵੱਲੋਂ ਕੀਤੀ ਗਈ ਹੈ। ਰੂਪਿੰਦਰ ਕੌਰ ਨੇ ਵੀਡੀਓ ਵਿੱਚ ਕਿਹਾ ਸੀ ਕਿ ਸਰਪੰਚ ਹੈੱਪੀ ਉਸਦੀ ਮਦਦ ਕਰ ਰਹੇ ਸਨ, ਜਿਸ ਕਾਰਨ ਦੋਸ਼ੀਆਂ ਨੇ ਉਨ੍ਹਾਂ ਨੂੰ ਮਾਰ ਦਿੱਤਾ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਉਸਦੇ ਪਤੀ ਅਤੇ ਭਰਾ ਵੱਲੋਂ ਉਸ ਨਾਲ ਜਬਰਦਸਤੀ ਸ਼ਾਰੀਰੀਕ ਸ਼ੋਸ਼ਣ ਕੀਤਾ ਜਾਂਦਾ ਸੀ। ਹੈੱਪੀ ਸਰਪੰਚ ਦੀ ਮਦਦ ਨਾਲ ਉਹ ਉਸ ਘਰ ਤੋਂ ਬਾਹਰ ਨਿਕਲ ਸਕੀ ਸੀ ਅਤੇ ਉਸ ਨੇ ਆਪਣੀ ਜਾਨ ਨੂੰ ਵੀ ਖਤਰਾ ਦੱਸਿਆ ਸੀ ।ਇਸ ਮਾਮਲੇ ਵਿੱਚ ਪੁਲਿਸ ਵੱਲੋਂ ਰੂਪਿੰਦਰ ਕੌਰ ਦੇ ਪਤੀ ਮਨਪ੍ਰੀਤ ਸਿੰਘ, ਭਰਾ ਜੋਬਨਪ੍ਰੀਤ ਸਿੰਘ, ਪਿਤਾ ਜਸਵੰਤ ਸਿੰਘ, ਜਸਕਰਨ ਸਿੰਘ ਉਰਫ਼ ਜੱਸੂ ਸਮੇਤ 7 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਜੋਬਨਪ੍ਰੀਤ ਸਿੰਘ ਅਤੇ ਜਸਵੰਤ ਸਿੰਘ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।