ਪੰਜਾਬ ਵਿਧਾਇਕ ਰਾਣਾ ਇੰਦਰ ਪ੍ਰਤਾਪ ਨੇ ਮੋਗਾ ਰੈਲੀ ਨੂੰ ਲੈ ਕੇ ਘੇਰੀ ਸਰਕਾਰ/ ਰੈਲੀਆਂ ਤੇ ਐਲਾਨਾਂ ਸਹਾਰੇ ਨਸ਼ਾ ਖਤਮ ਕਰਨ ’ਤੇ ਚੁੱਕੇ ਸਵਾਲ By admin - February 17, 2026 0 3 Facebook Twitter Pinterest WhatsApp ਹਲਕਾ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਮੋਗਾ ਰੈਲੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਸੁਲਤਾਨਪੁਰ ਲੋਧੀ ਵਿਖੇ ਮੀਡੀਆ ਗੱਲਬਾਤ ਕਰਦਿਆਂ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਨਸ਼ੇ ਵਰਗੀ ਭਿਆਨਕ ਸਮੱਸਿਆ ਸਿਰਫ਼ ਰੈਲੀਆਂ ਤੇ ਐਲਾਨਾਂ ਨਾਲ ਖਤਮ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਜੇ ਸਰਕਾਰ ਵਾਕਈ ਗੰਭੀਰ ਹੈ ਤਾਂ ਉਸ ਨੂੰ ਜ਼ਮੀਨੀ ਪੱਧਰ ‘ਤੇ ਕਾਰਵਾਈ ਕਰਨੀ ਚਾਹੀਦੀ ਹੈ। ਨਸ਼ਿਆਂ ਦੇ ਮੁੱਦੇ ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਨੇ ਬੀਐਸਐਫ ਦਾ ਦਾਇਰਾ 50 ਕਿਲੋਮੀਟਰ ਤਕ ਵਧਾ ਦਿੱਤਾ ਹੈ। ਇਸ ਦੇ ਬਾਵਜੂਦ ਜੇਕਰ ਨਸ਼ੇ ਖਤਮ ਨਹੀਂ ਹੋਏ ਤਾਂ ਕੇਂਦਰ ਸਰਕਾਰ ਨੂੰ ਵੀ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨਸ਼ਾ ਤਸਕਰ ਪਹਿਲਾਂ ਹੀ ਪਛਾਣੇ ਹੋਏ ਹਨ, ਉਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਸੌਦਾਗਰਾਂ ਬਾਰੇ ਜਾਣਕਾਰੀ ਜੱਗ ਜਾਹਰ ਹੋਣ ਦੇ ਬਾਵਜੂਦ ਜੇਕਰ ਨਸ਼ਾ ਬੰਦ ਨਹੀਂ ਹੋ ਰਿਹਾ ਤਾਂ ਇਹ ਸਰਕਾਰ ਦੀ ਨਾਕਾਮੀ ਹੀ ਹੈ। ਇਹ ਪ੍ਰਗਟਾਵਾ ਉਨ੍ਹਂ ਨੇ ਸੁਲਤਾਨਪੁਰ ਲੋਧੀ ਵਿਖੇ ਵੱਖ-ਵੱਖ ਇਲਾਕਿਆਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ 28 ਕਿਲੋਮੀਟਰ ਵਿੱਚੋਂ 16 ਕਿਲੋਮੀਟਰ ਨਵੀਂ ਵਿਛਾਈ ਗਈ ਵਾਟਰ ਸਪਲਾਈ ਦੀ ਪਾਈਪ ਲਾਈਨ ਦਾ ਉਦਘਾਟਨ ਕਰਨ ਦੌਰਾਨ ਕੀਤਾ। ਸਮਾਗਮ ਦੌਰਾਨ ਉਨ੍ਹਾਂ ਨੇ ਵਿਕਾਸ ਕਾਰਜਾਂ ਦੇ ਨਾਲ-ਨਾਲ ਸੂਬੇ ਦੇ ਗੰਭੀਰ ਮਸਲਿਆਂ ‘ਤੇ ਵੀ ਆਪਣੀ ਸਪਸ਼ਟ ਰਾਏ ਰੱਖੀ। ਉਨ੍ਹਾਂ ਨੇ 34 ਹਜ਼ਾਰ ਐਫਆਈਆਰ ਦਰਜ ਹੋਣ ਦੇ ਅੰਕੜੇ ‘ਤੇ ਵੀ ਸਵਾਲ ਚੁੱਕਿਆ ਅਤੇ ਪੁੱਛਿਆ ਕਿ ਆਖ਼ਿਰ ਇਸਦਾ ਨਤੀਜਾ ਕੀ ਨਿਕਲਿਆ? ਉਨ੍ਹਾਂ ਕਿਹਾ ਕਿ ਐਫਆਈਆਰਾਂ ਦੀ ਗਿਣਤੀ ਨਾਲ ਨਹੀਂ, ਸਜ਼ਾਵਾਂ ਅਤੇ ਜ਼ਮੀਨੀ ਨਤੀਜਿਆਂ ਨਾਲ ਸਰਕਾਰ ਦੀ ਕਾਰਗੁਜ਼ਾਰੀ ਤੌਲੀ ਜਾਂਦੀ ਹੈ। ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਸਰਹੱਦੀ ਇਲਾਕਿਆਂ ਵਿੱਚ 50 ਕਿਲੋਮੀਟਰ ਤੱਕ ਕੰਟਰੋਲ ਦੀ ਗੱਲ ਕਰਦਿਆਂ ਚੁਣੌਤੀ ਭਰੇ ਅੰਦਾਜ਼ ਵਿੱਚ ਕਿਹਾ ਕਿ ਜੇ ਕੇਂਦਰੀ ਏਜੰਸੀਆਂ ਦੇ ਅਧੀਨ ਆਉਂਦੇ ਖੇਤਰਾਂ ਵਿੱਚ ਵੀ ਨਸ਼ਾ ਮੁਕਤ ਹਾਲਾਤ ਨਹੀਂ ਬਣੇ, ਤਾਂ ਫਿਰ ਲੋਕਾਂ ਨੂੰ ਸੱਚ ਦੱਸਿਆ ਜਾਣਾ ਚਾਹੀਦਾ ਹੈ ਕਿ ਰੁਕਾਵਟ ਕਿੱਥੇ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਜੇ ਬਾਰਡਰ ਏਰੀਆ ਵਿੱਚ ਸੁਰੱਖਿਆ ਦੇ ਬਾਵਜੂਦ ਨਸ਼ਾ ਖਤਮ ਨਹੀਂ ਹੋਇਆ, ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ? ਇਸਦੇ ਨਾਲ ਹੀ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਨਸ਼ੇ ਵਿੱਚ ਫਸੇ ਨੌਜਵਾਨਾਂ ਨੂੰ ਅਪਰਾਧੀ ਨਹੀਂ, ਸਗੋਂ ਪੀੜਤ ਵਜੋਂ ਦੇਖਣ ਦੀ ਲੋੜ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਪੁਨਰਵਾਸ ਕੇਂਦਰਾਂ ਨੂੰ ਮਜ਼ਬੂਤ ਕਰੇ ਅਤੇ ਪਰਿਵਾਰ ਤੇ ਸਮਾਜਕ ਸਹਿਯੋਗ ਨਾਲ ਨੌਜਵਾਨਾਂ ਨੂੰ ਮੁੜ ਸਧਾਰਨ ਜੀਵਨ ਵੱਲ ਲਿਆਉਣ ਲਈ ਵਿਸ਼ੇਸ਼ ਯੋਜਨਾ ਬਣਾਏ। ਅਖੀਰ ‘ਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਿਆਸੀ ਦਿਖਾਵੇ ਨਹੀਂ, ਸੱਚੀ ਨੀਅਤ ਅਤੇ ਲਗਾਤਾਰ ਕਾਰਵਾਈ ਦੀ ਲੋੜ ਹੈ। ਇਸੇ ਦੌਰਾਨ ਨਵੀਂ ਵਾਟਰ ਸਪਲਾਈ ਦੀ ਪਾਈਪ ਲਾਈਨ ਵਿਛਾ ਨੂੰ ਲੈ ਕੇ ਸ਼ਹਿਰ ਨਿਵਾਸੀਆਂ ਵੱਲੋਂ ਵਿਧਾਇਕ ਰਾਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ।