ਪੰਜਾਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਬਿਕਰਮ ਮਜੀਠੀਆ/ ਗੁਰੂ ਘਰ ਮੱਥਾ ਟੇਕਿਆ ਤੇ ਕੀਤਾ ਸ਼ੁਕਰਾਨਾ/ ਸਰਕਾਰ ਵੱਲ ਵਿੰਨ੍ਹੇ ਤਿੱਖੇ ਨਿਸ਼ਾਨੇ By admin - February 10, 2026 0 3 Facebook Twitter Pinterest WhatsApp ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਗੁਰੂ ਘਰ ਦਾ ਸ਼ੁਕਰਾਨਾ ਕਰਨ ਪੁੱਜੇ ਮਜੀਠੀਆ ਨੇ ਇੱਥੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਅਤੇ ਮਨੁੱਖਤਾ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਜਿੱਥੇ ਆਪਣੀ ਜੇਲ੍ਹ ਯਾਤਰਾ ਦੌਰਾਨ ਗੁਰੂ ਸਾਹਿਬ ਦੀ ਰਹਿਮਤ ਦਾ ਜ਼ਿਕਰ ਕੀਤਾ, ਉੱਥੇ ਹੀ ਮੌਜੂਦਾ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਵੀ ਲਗਾਏ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਉਹ ਜੇਲ੍ਹ ਅੰਦਰ ਗਏ ਸਨ, ਗੁਰੂ ਸਾਹਿਬ ਨੇ ਉਨ੍ਹਾਂ ‘ਤੇ ਅਪਾਰ ਕਿਰਪਾ ਰੱਖੀ। ਉਨ੍ਹਾਂ ਕਿਹਾ, “ਮਾਲਕ ਨੇ ਮੇਰੇ ਤੋਂ ਵਾਹਵਾ ਸੇਵਾ ਅਤੇ ਨਿਤਨੇਮ ਕਰਵਾਇਆ। ਐਡੀ ਵੱਡੀ ਸਰਕਾਰ ਮੇਰੇ ਮਗਰ ਪਈ ਹੋਈ ਸੀ ਅਤੇ ਮੈਨੂੰ ਹਰ ਤਰੀਕੇ ਨਾਲ ‘ਠੋਕਣ’ ਦੀ ਕੋਸ਼ਿਸ਼ ਕੀਤੀ ਗਈ, ਪਰ ਗੁਰੂ ਦੀ ਓਟ ਅਤੇ ਕਰੋੜਾਂ ਲੋਕਾਂ ਦੀਆਂ ਅਰਦਾਸਾਂ ਸਦਕਾ ਅੱਜ ਮੈਂ ਚੜ੍ਹਦੀ ਕਲਾ ਵਿੱਚ ਬਾਹਰ ਆਇਆ ਹਾਂ।” ਉਨ੍ਹਾਂ ਖਾਸ ਤੌਰ ‘ਤੇ ਉਨ੍ਹਾਂ ਮਾਵਾਂ-ਭੈਣਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਰਿਹਾਈ ਲਈ ਪਾਠ ਅਤੇ ਅਰਦਾਸਾਂ ਕੀਤੀਆਂ ਸਨ। ਸਰਕਾਰ ਵੱਲੋਂ ਦੁਬਾਰਾ ਪਰਚੇ ਦਰਜ ਕੀਤੇ ਜਾਣ ਦੇ ਖ਼ਦਸ਼ੇ ‘ਤੇ ਬੋਲਦਿਆਂ ਮਜੀਠੀਆ ਨੇ ਕਿਹਾ, “ਇੱਕ ਦੀ ਜਗ੍ਹਾ 100 ਪਰਚੇ ਕਰ ਦਿਓ, ਮਰਦਾਂ ‘ਤੇ ਹੀ ਪਰਚੇ ਹੁੰਦੇ ਹਨ। ਸ਼ੇਰਾਂ ਨੂੰ ਪਿੰਜਰੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਉਹ ਅੰਦਰ ਨਹੀਂ ਮਰਦੇ, ਬਾਹਰ ਹੀ ਨਿਕਲਦੇ ਹਨ।” ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤਾਨਾਸ਼ਾਹ ਕਰਾਰ ਦਿੰਦਿਆਂ ਕਿਹਾ ਕਿ ਇਹ ਸਰਕਾਰ ਵਿਰੋਧੀਆਂ ਦੀ ਆਵਾਜ਼ ਦਬਾਉਣ ਲਈ ਪ੍ਰੈੱਸ ਦੀ ਆਜ਼ਾਦੀ ਦਾ ਘਾਣ ਕਰ ਰਹੀ ਹੈ ਅਤੇ ਅਜਿਹੇ ਪਰਚੇ ਪਾਉਂਦੀ ਹੈ ਤਾਂ ਜੋ ਸਾਲ-ਸਾਲ ਜਮਾਨਤ ਨਾ ਮਿਲੇ.ਮਜੀਠੀਆ ਨੇ ਪੰਜਾਬ ਦੇ ਐਡਹੱਕ ਡੀਜੀਪੀ ‘ਤੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ ਬਾਰਡਰ ਸਟੇਟ ਨੂੰ ਪਰਮਾਨੈਂਟ ਡੀਜੀਪੀ ਦੀ ਲੋੜ ਹੈ ਜੋ ਕੇਜਰੀਵਾਲ ਜਾਂ ਭਗਵੰਤ ਮਾਨ ਦੇ ਹੇਠਾਂ ਨਾ ਲੱਗੇ। ਉਨ੍ਹਾਂ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਬਣਾਈ ਗਈ SIT ਵਿੱਚ ਸ਼ਾਮਲ ਅਧਿਕਾਰੀਆਂ ਦੇ ਕਿਰਦਾਰ ‘ਤੇ ਵੀ ਉਂਗਲ ਚੁੱਕੀ। ਉਨ੍ਹਾਂ ਦੋਸ਼ ਲਾਇਆ ਕਿ SIT ਵਿੱਚ ਅਜਿਹੇ ਅਧਿਕਾਰੀ ਹਨ ਜੋ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਸ਼ਾਮਲ ਰਹੇ ਹਨ ਜਾਂ ਜਿਨ੍ਹਾਂ ਦਾ ਜੀਵਨ ਗੁਰਮਤਿ ਅਨੁਸਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਵਨ ਸਰੂਪਾਂ ਦੀ ਜਾਂਚ ਲਈ ਕਿਸੇ ਸੀਨੀਅਰ ਗੁਰਸਿੱਖ ਅਧਿਕਾਰੀ ਨੂੰ ਲਗਾਇਆ ਜਾਣਾ ਚਾਹੀਦਾ ਸੀ, ਨਾ ਕਿ ਉਨ੍ਹਾਂ ਨੂੰ ਜੋ ਸ਼ਾਮ ਨੂੰ ਸ਼ਰਾਬ-ਕਬਾਬ ਵਿੱਚ ਡੁੱਬੇ ਰਹਿੰਦੇ ਹਨ।ਆਪਣੇ ਅਗਲੇ ਰਾਜਨੀਤਿਕ ਕਦਮਾਂ ਬਾਰੇ ਸਪੱਸ਼ਟ ਕਰਦਿਆਂ ਮਜੀਠੀਆ ਨੇ ਕਿਹਾ ਕਿ ਉਹ ਜੇਲ੍ਹ ਅੰਦਰ ਵੀ ਐਕਟਿਵ ਸਨ ਅਤੇ ਹੁਣ ਬਾਹਰ ਰਹਿ ਕੇ ‘ਰਿਐਕਟਿਵ ਪੋਲੀਟਿਕਸ’ ਕਰਨਗੇ। ਮਜੀਠੀਆ ਨੇ ਕਿਹਾ ਕਿ ਉਹ ਹਾਲੇ ਸ਼ੁਕਰਾਨੇ ਦੇ ਦੌਰ ਵਿੱਚ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਸ਼ਹੀਦਾਂ ਸਾਹਿਬ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਵੀ ਨਤਮਸਤਕ ਹੋਣਗੇ।