
ਮਾਨਸਾ ਦੇ ਪਿੰਡ ਸਿਰਸੀਵਾਲਾ ਵਿਖੇ ਇਕ ਢੌਂਕੀ ਬਾਬੇ ਵੱਲੋਂ ਲੋਕਾਂ ਨਾਲ ਲੱਖਾਂ ਦੀ ਠੱਗੀ ਮਾਰ ਕੇ ਰੱਫੂ ਚੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਜਲਧਾਰਾ ਕਰਨ ਵਾਲੇ ਪ੍ਰੇਮ ਨਾਥ ਨਾਮ ਦੇ ਬਾਬੇ ਨੇ ਪਹਿਲਾਂ ਲੋਕਾਂ ਨੂੰ ਵਿਸ਼ਵਾਸ਼ ਵਿਚ ਲੈ ਕੇ ਆਪਣੀ ਪੂਜਾ ਕਰਵਾਈ ਅਤੇ ਫਿਰ ਉਨ੍ਹਾਂ ਤੋਂ ਲੱਖਾਂ ਰੁਪਏ ਲੈ ਕੇ ਫਰਾਰ ਹੋ ਗਿਆ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਬਾਬੇ ਨੇ 16 ਦੇ ਕਰੀਬ ਲੋਕਾਂ ਨਾਲ 15 ਲੱਖ ਦੇ ਕਰੀਬ ਸਾਮਾਨ ਤੇ ਨਕਦੀ ਦੀ ਠੱਗੀ ਮਾਰੀ ਹੈ। ਪੁਲਿਸ ਨੇ ਪਿੰਡ ਵਾਸੀਆਂ ਦੀ ਸ਼ਿਕਾਇਤ ਉਤੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।
ਇਸ ਢੋਗੀ ਦਾ ਸ਼ਿਕਾਰ ਹੋਏ ਪ੍ਰਭਾਵਿਤ ਰੁਪਿੰਦਰ ਸਿੰਘ, ਸੂਬਾ ਸਿੰਘ, ਰਾਮ ਸਿੰਘ ਆਦਿ ਕੁੱਲ 16 ਲੋਕਾਂ ਨੇ ਆਪਣੀ ਦੁੱਖ ਭਰੀ ਕਹਾਣੀ ਦੱਸਦੇ ਹੋਏ ਦੱਸਿਆ ਕਿ ਇਹ ਢੋਂਗੀ ਸਾਧ ਪ੍ਰੇਮ ਨਾਥ ਲਗਭਗ ਦੋ ਮਹੀਨੇ ਪਹਿਲਾਂ ਆਇਆ ਸੀ ਤੇ ਉਸਨੇ ਪਿੰਡ ਵਿੱਚ ਇਸ ਸਰਦ ਰੁੱਤ ਵਿੱਚ ਜਲਧਾਰਾ ਕਰਨ ਦੀ ਇੱਛਾ ਪ੍ਰਗਟਾਈ ਸੀ ਜਿਸ ਤੇ ਸ਼ਰਧਾ ਵਜੋਂ ਲੋਕਾਂ ਨੇ ਜਲਧਾਰਾ ਦੇ ਪ੍ਰਬੰਧ ਕਰਨ ਤੇ ਲਗਭਗ ਇੱਕ ਮਹੀਨਾ ਪਹਿਲਾਂ ਜਲਧਾਰਾ ਸ਼ੁਰੂ ਕੀਤੀ ਤੇ ਇਹ ਲੋਕ ਉਸਦੇ ਕਹਿਣ ਅਨੁਸਾਰ ਠੰਡੇ ਪਾਣੀ ਦੇ ਘੜਿਆਂ ਨਾਲ ਪਾਣੀ ਪਾ ਕੇ ਜਲਧਾਰਾ ਕਰਵਾਉਂਦੇ ਰਹੇ।
ਇਸ ਦੌਰਾਨ ਉਸ ਨਾਲ ਆਏ ਦੋ ਚੇਲੇ ਸੋਨੂ ਤੇ ਪੰਡਤ ਲੋਕਾਂ ਵਿੱਚ ਬਾਬੇ ਦੇ ਕਰਾਮਾਤੀ ਹੋਣ ਪ੍ਰਚਾਰ ਕਰਦੇ ਬਾਬੇ ਤੇ ਵੱਡੇ ਵੱਡੇ ਨੋਟਾਂ ਦੀ ਵਰਖਾ ਕਰਦੇ ਜਿਸ ਤੋਂ ਸਿਰਸੀਵਾਲਾ ਤੇ ਹੋਰ ਹੋਰ ਪਿੰਡਾਂ ਦੇ ਲਗਭਗ 16 ਲੋਕ ਖੂਬ ਸ਼ਰਧਾ ਬਾਣ ਹੋਏ ਤੇ ਅੱਖਾਂ ਮੀਟ ਕੇ ਪੈਸਾ ਬਹਾਉਣ ਲੱਗੇ ਇਸ ਦੌਰਾਨ ਇੱਕ ਦਿਨ ਬਾਬੇ ਨੇ ਸ਼ਰਧਾਲੂਆਂ ਨਾਲ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਨੂੰ ਚੱਲਣ ਦੀ ਇੱਛਾ ਪ੍ਰਗਟਾਈ ਤੇ ਕਈ ਪ੍ਰੋਗਰਾਮ ਬਣਾ ਕੇ ਬਾਬੇ ਨਾਲ ਚਲੇ ਗਏ ਤੇ ਮਾਤਾ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਇੱਕ ਹੋਟਲ ਖਾਣਾ ਖਾਣ ਲੱਗੇ।
ਇਸੇ ਦੌਰਾਨ ਬਾਬਾ ਫੋਨ ਸੁਣਨ ਦੇ ਬਹਾਨੇ ਬਾਹਰ ਨਿਕਲ ਕੇ ਫਰਾਰ ਹੋ ਗਿਆ ਤੇ ਸ਼ਰਧਾਲੂ ਉਡੀਕਦੇ ਰਹੇ ਤੇ ਜਦੋਂ ਕਾਫੀ ਦੇਰ ਬਾਅਦ ਬਾਬਾ ਵਾਪਸ ਨਾ ਆਇਆ ਤਾਂ ਉਹਨਾਂ ਭਾਲ ਸ਼ੁਰੂ ਕਰਨ ਦਿੱਤੀ ਪਰ ਬਾਬਾ ਅੰਤਰ ਧਿਆਨ ਹੋ ਚੁੱਕਿਆ ਸੀ। ਪ੍ਰਭਾਵਿਤਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸ਼ਰਧਾ ਵਿੱਚ ਬਾਬੇ ਦੇ ਕਹੇ ਅਨੁਸਾਰ ਸਮੇਂ ਸਮੇਂ ਤੇ ਕੁੱਲ 15 ਲੱਖ ਰੁਪਏ ਦੇ ਸਮਾਨ ਤੇ ਨਗਦੀ ਦਿੱਤੀ ਹੋਈ ਸੀ ਜੋ ਉਸ ਨਾਲ ਦੋ ਚੇਲਿਆਂ ਵਿੱਚੋਂ ਸੋਨੂ ਨਾਮ ਦੇ ਚੇਲੇ ਦੇ ਖਾਤੇ ਵਿੱਚ ਪਵਾਉਂਦਾ ਰਿਹਾ ਸੀ ਜਿਹੜੇ ਆਪਣੇ ਘਰ ਵਾਪਸ ਚਲੇ ਗਏ ਸਨ ਜਦੋਂ ਬਾਬਾ ਫ਼ਰਾਰ ਹੋ ਗਿਆ ਤਾਂ ਪਿੰਡ ਉਨ੍ਹਾਂ ਨੂੰ ਪਿਆਰ ਨਾਲ ਪਿੰਡ ਬੁਲਾਇਆ ਤੇ ਦੋਵਾਂ ਨੂੰ ਪੁਲਿਸ ਨੂੰ ਸੋਂਪ ਦਿੱਤਾ। ਪੁਲਿਸ ਪੁੱਛ ਪੜਤਾਲ ਵਿੱਚ ਲੱਗੀ ਹੋਈ ਹੈ।


