ਪੰਜਾਬ ਮੋਹਾਲੀ SSP ਦਫਤਰ ਦੇ ਬਾਹਰ ਨੌਜਵਾਨ ਦਾ ਕਤਲ/ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ/ ਅਦਾਲਤ ’ਚ ਪੇਸ਼ੀ ਲਈ ਆਇਆ ਸੀ ਨੌਜਵਾਨ By admin - January 28, 2026 0 102 Facebook Twitter Pinterest WhatsApp ਪੰਜਾਬ ਅੰਦਰ ਗੋਲੀਬਾਰੀ ਤੇ ਕਤਲ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ। ਤਾਜ਼ਾ ਮਾਮਲਾ ਮੋਹਾਲੀ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਐਸਐਸਪੀ ਦਫਤਰ ਦੇ ਬਾਹਰ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਨੌਜਵਾਨ ਇੱਥੇ ਸਥਿਤ ਅਦਾਲਤ ਵਿਚ ਪੇਸ਼ੀ ਭੁਗਤਣ ਆਇਆ ਸੀ ਕਿ ਅਣਪਛਾਤੇ ਹਮਲਾਵਰਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਮੌਕੇ ਫਰਾਰ ਹੋ ਗਏ। ਮੁਲਜਮਾਂ ਵੱਲੋਂ 14 ਤੋਂ 15 ਰਾਊਂਡ ਫਾਇਰਿੰਗ ਕਰਨ ਦੀ ਖਬਰ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਵਿਭਾਗ ਅੰਦਰ ਹੜਕੰਮ ਮੱਚ ਗਿਆ ਅਤੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਫੋਰੈਂਸਿਕ ਟੀਮਾਂ ਨੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਖਬਰਾਂ ਮੁਤਾਬਕ ਗੁਰਵਿੰਦਰ ਸਿੰਘ ਉਰਫ ਗੁਰੀ ਵਾਸੀ ਪਿੰਡ ਰੁੜਕੀ ਪੁਖਤਾ ਇਕ ਐਨਡੀਪੀਐਸ ਮਾਮਲੇ ਦੀ ਤਰੀਕ ਭੁਗਤਣ ਲਈ ਅਦਾਲਤ ’ਚ ਆਇਆ ਸੀ। ਮ੍ਰਿਤਕ ਦੇ ਤਾਰ ਗੁਰਵਿੰਦਰ ਸਿੰਘ ਗੁਰਲਾਲ ਬਰਾੜ ਕਤਲ ਮਾਮਲੇ ਨਾਲ ਵੀ ਜੁੜੇ ਦੱਸੇ ਜਾ ਰਹੇ ਹਨ। ਗੁਰਲਾਲ ਬਰਾੜ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ਦਾ ਸਾਬਕਾ ਪ੍ਰਧਾਨ ਅਤੇ ਗੈਂਗਸਟਰ ਗੋਲਡੀ ਬਰਾੜ ਦਾ ਚਚੇਰਾ ਭਰਾ ਸੀ, ਜਿਸ ਦੀ 10 ਅਕਤੂਬਰ, 2020 ਨੂੰ ਚੰਡੀਗੜ੍ਹ ਦੇ ਸਿਟੀ ਐਂਪੋਰੀਅਮ ਮਾਲ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਵੱਲੋਂ ਇਸ ਕਤਲ ਕਾਂਡ ਦੀ ਵੱਖ ਵੱਖ ਐਂਗਲਾ ਤੋਂ ਜਾਂਚ ਕੀਤੀ ਜਾ ਰਹੀ ਹੈ। ਉਧਰ ਪੰਜਾਬ ਅੰਦਰ ਇਸ ਤਰ੍ਹਾਂ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੂੰ ਲੈ ਕੇ ਜਿੱਥੇ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਹੈ ਉੱਥੇ ਹੀ ਵਿਰੋਧੀ ਧਿਰਾਂ ਵੱਲੋਂ ਸਰਕਾਰ ਨੂੰ ਵਿਗੜਦੇ ਅਮਨ ਕਾਨੂੰਨ ਨੂੰ ਲੈ ਕੇ ਘੇਰਿਆ ਜਾ ਰਿਹਾ ਹੈ। ਅਜਿਹੀਆਂ ਘਟਨਾਵਾਂ ਨੇ ਸਰਕਾਰ ਦੀ ਵੀ ਚਿੰਤਾ ਵਧਾ ਦਿੱਤੀ ਹੈ ਅਤੇ ਚੋਣਾਵੀਂ ਵਰ੍ਹਾਂ ਹੋਣ ਦੇ ਚਲਦਿਆਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਉਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਦਾ ਕਾਫੀ ਦਬਾਅ ਹੈ। ਇਹੀ ਕਾਰਨ ਹੈ ਕਿ ਸਰਕਾਰ ਨੇ ਯੁੱਧ ਨਸ਼ਿਆਂ ਵਿਰੁਧ ਤੋਂ ਬਾਅਦ ਗੈਂਗਸਟਰਵਾਦ ਖਿਲਾਫ ਵੀ ਮੁਹਿੰਮ ਵਿੱਢੀ ਗਈ ਹੈ ਪਰ ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੇ ਪੁਲਿਸ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ। ਪੁਲਿਸ ਸੂਤਰਾਂ ਮੁਤਾਬਕ ਇਸ ਕਤਲ ਮਾਮਲੇ ਵਿਚ ਪੁਲਿਸ ਹੱਥ ਕੁੱਝ ਖਾਸ ਸੁਰਾਗ ਲੱਗੇ ਨੇ ਜਿਸ ਦੇ ਚਲਦਿਆਂ ਮੁਲਜਮਾਂ ਨੂੰ ਛੇਤੀ ਟਰੇਸ ਕਰ ਕੇ ਕਾਬੂ ਕਰ ਲਿਆ ਜਾਵੇਗਾ।