
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਾਣੀ ਦੇ ਮੁੱਦੇ ਉਤੇ ਪੰਜਾਬ ਨਾਲ ਧੱਕਾ ਹੋਣ ਤੇ ਚਿੰਤਾ ਜਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਣੀਆਂ ਦੀ ਵੰਡ ਨੂੰ ਲੈ ਕੇ ਪੰਜਾਬ ਨਾਲ ਧੱਕਾ ਹੋ ਰਿਹਾ ਹੈ ਪਰ ਪੰਜਾਬ ਸਰਕਾਰ ਤਕੜੇ ਹੋ ਕੇ ਲੜਾਈ ਲੜਣ ਦੀ ਥਾਂ ਡੰਗ-ਟਪਾਉ ਪਹੁੰਚ ਅਪਨਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਪਹਿਲਾਂ ਹੀ ਪੂਰਾ ਪਾਣੀ ਜਾ ਰਿਹਾ ਹੈ ਜਦਕਿ ਪੰਜਾਬ ਨੂੰ ਕੇਵਲ ਬਾਕੀ ਬਚਦਾ ਪਾਣੀ ਹੀ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਆਪਣੀ ਵਰਤੋਂ ਜੋਗਾ ਵੀ ਪਾਣੀ ਮੌਜੂਦ ਨਹੀਂ ਹੈ, ਇਸ ਦੇ ਬਾਵਜੂਦ ਹੋਰ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ।
ਪੰਜਾਬ ਸਰਕਾਰ ਵਲੋਂ ਪਾਣੀ ਮੁੱਦੇ ਤੇ ਚੁੱਕੇ ਗਏ ਮੁੱਦੇ ਉਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਦੇ ਪਾਣੀ ਦਾ ਮੁੱਦਾ ਸਹੀ ਢੰਗ ਨਾਲ ਰੱਖਣ ਵਿਚ ਨਾਕਾਮ ਰਹੀ ਹੈ। ਪੰਜਾਬ ਕੋਲ ਜਦੋਂ ਪਾਣੀ ਹੀ ਨਹੀਂ ਹੈ ਫੇਰ ਵੀ ਹਰਿਆਣਾ ਨੂੰ ਪਾਣੀ ਦੇ ਦੇਣਾ ਤਾਂ ਪੰਜਾਬ ਨਾਲ ਧੱਕਾ ਹੈ, ਅਜਿਹੇ ‘ਚ ਪੰਜਾਬ ਦਾ ਪੱਖ ਨਾ ਰੱਖਣਾ ਵੀ ਦੂਜੇ ਸੂਬੇ ਨਾਲ ਰਲਣ ਵਰਗਾ ਹੈ। ਇਸ ਵੇਲੇ ਪੰਜਾਬ ਦਾ ਪਾਣੀ ਬਚਾਉਣ ਦੇ ਨਾਲ ਨਾਲ ਪੰਜਾਬ ਦੇ ਘੱਟ ਰਹੇ ਪਾਣੀ ਦੀ ਗੱਲ ਕੇਂਦਰ ਅੱਗੇ ਰੱਖਣ ਦੀ ਜਰੂਰਤ ਹੈ।
ਉਨ੍ਹਾਂ ਕਿਹਾ ਕਿ ਜਿਸ ਵੇਲੇ ਪੰਜਾਬ ਹਰਿਆਣਾ ਦੀ ਵੰਡ ਹੋਈ ਹਰਿਆਣਾ ਨੂੰ ਉਸ ਤਰੀਕੇ ਨਾਲ ਹੀ ਪਾਣੀ ਜਾ ਰਿਹਾ ਹੈ ਅਤੇ ਬੱਚਦਾ ਪਾਣੀ ਪੰਜਾਬ ਹਿੱਸੇ ਆਉਂਦਾ ਹੈ, ਪੰਜਾਬ ਦਾ ਪਾਣੀ ਲਗਾਤਾਰ ਘੱਟਦਾ ਜਾ ਰਿਹਾ ਹੈ, ਪਾਕਿਸਤਾਨ ਵੱਲ ਜਾ ਰਹੇ ਪਾਣੀ ਨੂੰ ਵੀ ਰੋਕਣ ਦੀ ਜਰੂਰਤ ਹੈ। ਉੱਥੇ ਹੀ ਚੰਦੂਮਾਜਰਾ ਨੇ ਆਉਣ ਵਾਲਿਆ ਨਗਰ ਕੌਂਸਲ ਚੋਣਾਂ ਵਿੱਚ ਪਾਰਟੀ ਵਲੋਂ ਚੋਣਾਂ ਲੜਨ ਦੀ ਵੀ ਗੱਲ ਆਖੀ। ਸ਼੍ਰੋਮਣੀ ਅਕਾਲੀ ਦਲ (ਪੁਨਰ ਸਰਜੀਤ) ਦੇ ਆਗੂਆਂ ਵਲੋਂ ਮੁੜ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਤੇ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੋ ਸਿਧਾਂਤ ਹੈ ਉਸ ਤੇ ਸਿਰ ਜੋੜ ਕੇ ਚੱਲਣ ਦੀ ਜ਼ਰੂਰਤ ਹੈ।

