ਜੋਬਨਪ੍ਰੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ/ ਪਿਤਾ ਨੇ ਫੌਜੀ ਵਰਦੀ ਪਾ ਕੇ ਦਿੱਤੀ ਅੰਤਿਮ ਵਿਦਾਈ

0
7

 

ਜੰਮੂ ਕਸ਼ਮੀਰ ਦੇ ਜ਼ਿਲ੍ਹਾ ਡੋਡਾ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਸ਼ਹੀਦ ਹੋਏ ਫੌਜੀ ਜਵਾਨ ਜੋਬਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਉਸਦੇ ਜੱਦੀ ਪਿੰਡ ਪਹੁੰਚੀ ਜਿੱਥੇ ਉਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਸਾਬਕਾ ਫ਼ੌਜੀ ਪਿਤਾ ਦਾ ਪਹਾੜ ਵਰਗਾ ਜਿਗਰਾ ਦਿੱਸਿਆ। ਸ਼ਹੀਦ ਹੋਏ ਪੁੱਤ ਨੂੰ ਸਾਬਕਾ ਫ਼ੌਜੀ ਪਿਤਾ ਨੇ ਵਰਦੀ ਪਾ ਕੇ ਅੰਤਿਮ ਵਿਦਾਈ ਦਿੱਤੀ। ਸ਼ਹੀਦ ਫ਼ੌਜੀ ਜੋਬਨਪ੍ਰੀਤ ਸਿੰਘ ਸਪੁੱਤਰ ਸਾਬਕਾ ਸੈਨਿਕ ਬਲਵੀਰ ਸਿੰਘ ਦੀ ਉਮਰ ਮਹਿਜ਼ 23 ਸਾਲ ਸੀ ਅਤੇ ਉਹ ਸਤੰਬਰ 2019 ’ਚ ਭਾਰਤੀ ਫ਼ੌਜ ’ਚ ਭਰਤੀ ਹੋਇਆ ਸੀ। ਦੇਸ਼ ਸੇਵਾ ਦਾ ਜਜ਼ਬਾ ਉਸ ਨੂੰ ਆਪਣੇ ਪਿਤਾ ਤੋਂ ਵਿਰਾਸਤ ਵਿੱਚ ਮਿਲਿਆ ਸੀ।
ਦੱਸਣਯੋਗ ਹੈ ਕਿ ਜੋਬਨਪ੍ਰੀਤ ਸਿੰਘ ਬੀਤੇ ਦਿਨ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਡਿਊਟੀ ਦੌਰਾਨ ਸੜਕ ਹਾਦਸੇ ਵਿੱਚ ਸ਼ਹੀਦ ਹੋ ਗਿਆ ਸੀ। ਉਸ ਦਾ ਅੰਤਮ ਸਸਕਾਰ ਅੱਜ ਗੋਬਿੰਦ ਵੈਲੀ ਦੇ ਗਊਸ਼ਾਲਾ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਬਾਅਦ ਦੁਪਹਿਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਜੋਬਨਪ੍ਰੀਤ ਸਿੰਘ ਦਾ ਅਗਲੇ ਮਹੀਨੇ ਵਿਆਹ ਸੀ ਅਤੇ ਅੱਜ ਉਸ ਦੀ ਮੰਗੇਤਰ ਵੀ ਸਸਕਾਰ ਦੀਆਂ ਰਸਮਾਂ ਵਿੱਚ ਸ਼ਰੀਕ ਹੋਈ।
ਇਸ ਦੌਰਾਨ ਮ੍ਰਿਤਕ ਦੇ ਪਿਤਾ ਬਲਵੀਰ ਸਿੰਘ ਨੇ ਆਪਣੀ ਪੁਰਾਣੀ ਫ਼ੌਜੀ ਵਰਦੀ ਪਾ ਕੇ ਜਦੋਂ ਆਪਣੇ ਪੁੱਤਰ ਨੂੰ ਅੰਤਿਮ ਵਿਦਾਇਗੀ ਲਈ ਸਲੂਟ ਮਾਰਿਆ ਤਾਂ ਸਸਕਾਰ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ, ਡਿਪਟੀ ਕਮਿਸ਼ਨਰ ਅਦਿੱਤਿਆ ਡਚਲਵਾਲ, ਡੀ ਐੱਸ ਪੀ ਰਾਜਪਾਲ ਸਿੰਘ ਅਤੇ ਪਰਿਵਾਰਕ ਮੈਂਬਰਾਂ ਸਮੇਤ ਫ਼ੌਜੀ ਅਧਿਕਾਰੀਆਂ ਨੇ ਦੇਹ ’ਤੇ ਰੀਥ ਚੜ੍ਹਾਉਣ ਉਪਰੰਤ ਸਲੂਟ ਮਾਰ ਕੇ ਸਲਾਮੀ ਦਿੱਤੀ।
ਸ਼ਹੀਦ ਦੇ ਪਿਤਾ ਬਲਬੀਰ ਸਿੰਘ ਨੇ ਦੱਸਿਆ ਕਿ ਜੋਬਨਪ੍ਰੀਤ ਸਿੰਘ ਉਸ ਦਾ ਇਕਲੌਤਾ ਲੜਕਾ ਸੀ, ਜਿਸ ਦਾ ਅਗਲੇ ਮਹੀਨੇ ਵਿਆਹ ਰੱਖਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਪੁੱਤਰ ਦੇ ਸ਼ਹੀਦ ਹੋਣ ਦੀ ਖ਼ਬਰ ਸੁਣ ਕੇ ਉਹ ਬਹੁਤ ਟੁੱਟ ਗਿਆ ਸੀ ਪਰ ਜਦੋਂ ਉਸ ਨੇ ਆਪਣੀ ਫ਼ੌਜ ਸਮੇਂ ਦੀ ਵਰਦੀ ਪਾਈ ਤਾਂ ਭਾਰਤ ਮਾਤਾ ਨੇ ਉਸ ਨੂੰ ਬਹੁਤ ਹੌਸਲਾ ਦਿੱਤਾ। ਉਹ ਆਪਣੇ ਪੁੱਤਰ ਦੀ ਤਰ੍ਹਾਂ ਦੇਸ਼ ਲਈ ਸ਼ਹੀਦ ਹੋਏ ਸਮੂਹ ਜਵਾਨਾਂ ਨੂੰ ਸਿਜਦਾ ਕਰਦਾ ਹੈ।

LEAVE A REPLY

Please enter your comment!
Please enter your name here