ਸਰਹਿੰਦ ਰੇਲਵੇ ਲਾਈਨ ’ਤੇ ਧਮਾਕਾ/ ਡਰਾਈਵਰ ਜ਼ਖਮੀ, ਇੰਜਨ ਨੂੰ ਵੀ ਨੁਕਸਾਨ

0
10

ਫਤਹਿਗੜ੍ਹ ਸਾਹਿਬ ਅਧੀਨ ਆਉਂਦੇ ਸਰਹਿੰਦ ਰੇਲਵੇ ਲਾਈਨ ’ਤੇ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਲਾਈਨ ਤੇ ਅਚਾਨਕ ਧਮਾਕਾ ਹੋ ਗਿਆ।  ਇਸ ਧਮਾਕੇ ਦੌਰਾਨ ਮਾਲ ਗੱਡੀ ਦੇ ਇੰਜਣ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਅਤੇ ਮਾਲ ਗੱਡੀ ਦਾ ਡਰਾਈਵਰ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਾਂਚ ਏਜੰਸੀਆਂ ਨੇ ਧਮਾਕੇ ਦੌਰਾਨ ਆਰ.ਡੀ.ਐਕਸ. ਦੀ ਵਰਤੋਂ ਦੀ ਸ਼ੰਕਾ ਜਾਹਰ ਕੀਤੀ ਹੈ।  ਮੌਕੇ ਤੇ ਪਹੁੰਚੀ ਪੁਲਿਸ ਤੇ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਜਾਰੀ ਹੈ।
ਘਟਨਾ ਰਾਤ 10 ਵਜੇ ਦੇ ਕਰੀਬ ਵਾਪਰੀ ਜਦੋਂ ਇੱਕ ਮਾਲ ਗੱਡੀ ਮਾਲ ਗੱਡੀ ਦੇ ਕਾਰੀਡੋਰ ਰੇਲ ਲਾਈਨ ਤੋਂ ਲੰਘ ਰਹੀ ਸੀ। ਜਾਣਕਾਰੀ ਅਨੁਸਾਰ, ਇਹ ਨਵੀਂ ਰੇਲਵੇ ਲਾਈਨ ਖਾਸ ਤੌਰ ‘ਤੇ ਮਾਲ ਗੱਡੀਆਂ ਦੇ ਸੰਚਾਲਨ ਲਈ ਬਣਾਈ ਗਈ ਹੈ। ਜਿਵੇਂ ਹੀ ਮਾਲ ਗੱਡੀ ਦਾ ਇੰਜਣ ਖਾਨਪੁਰ ਫਾਟਕਾਂ ‘ਤੇ ਪਹੁੰਚਿਆ, ਅਚਾਨਕ ਇੱਕ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਕਾਰਨ ਰੇਲਵੇ ਲਾਈਨ ਦਾ ਲਗਭਗ 12 ਫੁੱਟ ਹਿੱਸਾ ਪੂਰੀ ਤਰ੍ਹਾਂ ਉੱਡ ਗਿਆ। ਇਸ ਧਮਾਕੇ ਵਿੱਚ ਮਾਲ ਗੱਡੀ ਦਾ ਇੰਜਣ ਡਰਾਈਵਰ ਵੀ ਜ਼ਖਮੀ ਹੋ ਗਿਆ। ਜ਼ਖਮੀ ਡਰਾਈਵਰ ਨੂੰ ਮੁੱਢਲੀ ਸਹਾਇਤਾ ਲਈ ਹਸਪਤਾਲ ਲਿਜਾਇਆ ਗਿਆ। ਧਮਾਕੇ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਰੇਲਵੇ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ।
ਰੋਪੜ ਰੇਂਜ ਦੇ ਡੀਆਈਜੀ ਨਾਨਕ ਸਿੰਘ ਦੇ ਦੱਸਣ ਮੁਤਾਬਕ ਇਹ ਧਮਾਕਾ ਬੀਤੀ ਰਾਤ ਲਗਭਗ 9 ਵੱਜ ਕੇ 50 ਮਿੰਟ ‘ਤੇ ਹੋਇਆ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਇੱਕ ਮਾਮੂਲੀ ਧਮਾਕਾ ਸੀ। ਅੱਤਵਾਦੀ ਹਮਲੇ ਦੇ ਖ਼ਦਸ਼ੇ ਬਾਰੇ ਉਨ੍ਹਾਂ ਕਿਹਾ ਕਿ ਅਜੇ ਇਸ ਨੂੰ ‘ਅੱਤਵਾਦੀ ਹਮਲਾ’ ਕਹਿਣਾ ਬਹੁਤ ਜਲਦਬਾਜ਼ੀ ਹੋਵੇਗੀ। ਪੁਲਿਸ ਦਾ ਮੰਨਣਾ ਹੈ ਕਿ ਇਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤੀ ਗਈ ਕਾਰਵਾਈ ਹੋ ਸਕਦੀ ਹੈ। ਘਟਨਾ ਤੋਂ ਬਾਅਦ ਪੂਰੇ ਰੇਲਵੇ ਨੈੱਟਵਰਕ ਅਤੇ ਸਰਹਿੰਦ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਅਸਲ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ। ਯਾਤਰੀਆਂ ਦੀ ਸੁਰੱਖਿਆ ਲਈ ਰੇਲਵੇ ਪੁਲਿਸ  ਅਤੇ ਸਥਾਨਕ ਪੁਲਿਸ ਆਪਸੀ ਤਾਲਮੇਲ ਨਾਲ ਕੰਮ ਕਰ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਘਟਨਾ ਉਤੇ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੋਇਆ। ਪ੍ਰੈਸ ਕਾਨਫਰੰਸ ਕਰਨ ਲਈ ਡੀਜੀਪੀ ਨੂੰ ਰੱਖ ਲਿਆ ਹੈ ਪਰ ਪੰਜਾਬ ’ਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ। ਸਰਹੱਦ ਵਿਖੇ ਰੇਲਵੇ ਲਾਈਨ ’ਤੇ ਹੋਏ ਧਮਾਕੇ ਲਈ ਪੰਜਾਬ ਪੁਲਿਸ ਇੰਟੈਲੀਜੈਂਸ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ।

LEAVE A REPLY

Please enter your comment!
Please enter your name here