ਮੋਗਾ ’ਚ ਸਿਹਤ ਬੀਮਾ ਯੋਜਨਾ ਦੇ ਕਾਰਜ ਬਣਨੇ ਸ਼ੁਰੂ/ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਰਵਾਈ ਸ਼ੁਰੂਆਤ

0
6

ਮੋਗਾ ਵਿਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਨ ਦੀ ਸ਼ੁਰੂਆਤ ਹੋ ਗਈ ਐ। ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਵਾਰਡਾਂ ਵਿੱਚ ਸਿਹਤ ਬੀਮਾ ਕਾਰਡ ਬਣਾਉਣ ਦੀ ਸ਼ੁਰੂਆਤ ਕਰਵਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਅੱਜ ਤੋਂ ਹਲਕੇ ਦੇ ਹਰ ਵਾਰਡ ਅਤੇ ਹਰ ਪਿੰਡ ਵਿੱਚ ਟੀਮਾਂ ਘਰ-ਘਰ ਜਾ ਕੇ ਪਰਿਵਾਰਾਂ ਨੂੰ ਰਜਿਸਟਰੇਸ਼ਨ ਲਈ ਅਪੋਇੰਟਮੈਂਟਸ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਦੇ ਅਸਲੀ ਪੁੱਤ ਹਨ ਅਤੇ ਪੰਜਾਬ ਦੇ ਦਰਦ ਨੂੰ ਸਮਝਦੇ ਹਨ।
ਉਨ੍ਹਾਂ ਦੱਸਿਆ ਕਿ ਪਹਿਲਾਂ ਕਈ ਮਰੀਜ਼ ਗਰੀਬੀ ਕਾਰਨ ਆਪਣਾ ਇਲਾਜ ਨਹੀਂ ਕਰਵਾ ਸਕਦੇ ਸਨ ਅਤੇ ਕਈ ਪਰਿਵਾਰ ਇਲਾਜ ਦੇ ਭਾਰੀ ਖਰਚੇ ਕਾਰਨ ਆਪਣੀਆਂ ਜਮੀਨਾਂ ਅਤੇ ਘਰ ਵੇਚਣ ਲਈ ਮਜਬੂਰ ਹੋ ਜਾਂਦੇ ਸਨ। ਇਸ ਯੋਜਨਾ ਨਾਲ ਹੁਣ ਕਿਸੇ ਨੂੰ ਵੀ ਆਰਥਿਕ ਤੰਗੀ ਕਾਰਨ ਇਲਾਜ ਤੋਂ ਵਾਂਝਾ ਨਹੀਂ ਪਵੇਗਾ।ਇਸ ਯੋਜਨਾ ਅਧੀਨ ਪੰਜਾਬ ਭਰ ਦੇ 650 ਤੋਂ ਵੱਧ ਸਰਕਾਰੀ ਅਤੇ ਪ੍ਰਾਈਵੇਟ ਪੈਨਲਡ ਹਸਪਤਾਲ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿੱਚ CMC ਅਤੇ DMC ਵਰਗੇ ਵੱਡੇ ਅਦਾਰੇ ਵੀ ਸ਼ਾਮਲ ਹਨ। ਯੋਜਨਾ ਵਿੱਚ 2500 ਤੋਂ ਵੱਧ ਬਿਮਾਰੀਆਂ ਅਤੇ ਸਰਜਰੀਆਂ ਕਵਰ ਕੀਤੀਆਂ ਗਈਆਂ ਹਨ।
ਇਸ ਵਿੱਚ ਡਿਲੀਵਰੀ (ਨਾਰਮਲ ਅਤੇ ਸੀਜ਼ੇਰੀਅਨ), ਕੈਂਸਰ ਇਲਾਜ, ਕਿਡਨੀ ਬਿਮਾਰੀਆਂ, ਡਾਇਲਿਸਿਸ, ਐਕਸੀਡੈਂਟ ਅਤੇ ਟ੍ਰੌਮਾ ਕੇਸ ਸਮੇਤ ਹਰ ਕਿਸਮ ਦਾ ਇਲਾਜ ਸ਼ਾਮਲ ਹੈ। ਰਜਿਸਟਰੇਸ਼ਨ ਲਈ 18 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਨੂੰ ਆਧਾਰ ਕਾਰਡ ਅਤੇ ਵੋਟਰ ਕਾਰਡ ਲੋੜੀਂਦਾ ਹੈ, ਜਦਕਿ 18 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਆਧਾਰ ਕਾਰਡ ਅਤੇ ਜਨਮ ਸਰਟੀਫਿਕੇਟ ਲਾਜ਼ਮੀ ਹੈ। ਕਿਸੇ ਵੀ ਕਿਸਮ ਦਾ ਆਮਦਨ ਸਰਟੀਫਿਕੇਟ ਜਾਂ ਹੋਰ ਦਸਤਾਵੇਜ਼ ਨਹੀਂ ਮੰਗੇ ਜਾਣਗੇ।ਰਜਿਸਟਰੇਸ਼ਨ ਹੋਣ ਤੋਂ ਬਾਅਦ ਮਰੀਜ਼ ਸਿਰਫ਼ ਰਜਿਸਟਰੇਸ਼ਨ ਨੰਬਰ ਦੇ ਆਧਾਰ ’ਤੇ ਵੀ ਤੁਰੰਤ ਇਲਾਜ ਕਰਵਾ ਸਕਦਾ ਹੈ, ਕਾਰਡ ਦੀ ਪ੍ਰਿੰਟ ਆਉਣ ਦੀ ਉਡੀਕ ਕਰਨ ਦੀ ਲੋੜ ਨਹੀਂ ਹੋਵੇਗੀ।
ਉਨ੍ਹਾਂ ਸਾਫ਼ ਕੀਤਾ ਕਿ ਇਹ ਯੋਜਨਾ ਪੂਰੀ ਤਰ੍ਹਾਂ ਮੁਫ਼ਤ ਹੈ ਅਤੇ ਕਾਰਡ ਬਣਵਾਉਣ ਲਈ ਕਿਸੇ ਨੂੰ ਵੀ 10 ਰੁਪਏ ਵੀ ਨਹੀਂ ਦੇਣੇ। CSC ਸੈਂਟਰਾਂ ’ਤੇ ਰਜਿਸਟਰੇਸ਼ਨ ਵੀ ਮੁਫ਼ਤ ਕੀਤੀ ਜਾਵੇਗੀ। ਜੇਕਰ ਕੋਈ ਵੀ ਵਿਅਕਤੀ ਕਾਰਡ ਬਣਾਉਣ ਦੇ ਨਾਂ ’ਤੇ ਪੈਸੇ ਮੰਗਦਾ ਹੈ ਤਾਂ ਉਸ ਦੀ ਤੁਰੰਤ ਸ਼ਿਕਾਇਤ ਕੀਤੀ ਜਾਵੇ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਸਪਤਾਲਾਂ ਦੀ ਭੁਗਤਾਨੀ 15 ਦਿਨਾਂ ਅੰਦਰ ਕਰਨ ਦੀ ਗਾਰੰਟੀ ਦਿੱਤੀ ਗਈ ਹੈ, ਤਾਂ ਜੋ ਮਰੀਜ਼ਾਂ ਨੂੰ ਇਲਾਜ ਦੌਰਾਨ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਅਖੀਰ ਵਿੱਚ ਉਨ੍ਹਾਂ ਕਿਹਾ ਕਿ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਪੰਜਾਬ ਸਰਕਾਰ ਦੀ ਦੇਸ਼ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਹੈ, ਜੋ ਹਰ ਪਰਿਵਾਰ ਲਈ ਵੱਡੀ ਰਹਤ ਸਾਬਤ ਹੋਵੇਗੀ।
ਇਸ ਮੌਕੇ ਸਿਵਲ ਹਸਪਤਾਲ ਤੇ ਐਸਐਮ ਹਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਬਹੁਤ ਹੀ ਸਰਾਹੁਣਯੋਗ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਅਰਬਨ ਏਰੀਆ ਵਿੱਚ 33 ਥਾਵਾਂ ‘ਤੇ ਬੀਮਾ ਸਕੀਮ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਲੋਕਾਂ ਨੂੰ ਸਿਹਤ ਬੀਮੇ ਦਾ ਲਾਭ ਦਿੱਤਾ ਜਾ ਰਿਹਾ ਹੈ, ਤਾਂ ਜੋ ਹਰ ਵਰਗ ਦਾ ਵਿਅਕਤੀ ਸਰਕਾਰੀ ਯੋਜਨਾਵਾਂ ਤੋਂ ਲਾਹਾ ਉਠਾ ਸਕੇ। ਕਿਹਾ ਕਿ ਸਰਕਾਰੀ ਹਸਪਤਾਲਾਂ ਦੀ ਸਹੂਲਤ ਵੀ ਹੌਲੀ-ਹੌਲੀ ਵਧਾਈ ਜਾ ਰਹੀ ਹੈ ਇਸ ਦੇ ਨਾਲ ਹੀ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਪੈਨਲ ‘ਚ ਸ਼ਾਮਲ ਕੀਤਾ ਗਿਆ ਹੈ, ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਮਿਲ ਸਕਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਇਸ ਬੀਮਾ ਸਕੀਮ ਦਾ ਪੂਰਾ ਲਾਭ ਲੈਣ, ਕਿਉਂਕਿ ਅਕਸਰ ਜਾਣਕਾਰੀ ਦੀ ਘਾਟ ਕਾਰਨ ਕਈ ਲੋਕ ਸਰਕਾਰੀ ਯੋਜਨਾਵਾਂ ਤੋਂ ਵਾਂਝੇ ਰਹਿ ਜਾਂਦੇ ਹਨ।
ਉਥੇ ਮੌਜੂਦ ਲੋਕਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਇਹ ਉਪਰਾਲਾ ਬੜਾ ਹੀ ਸਲਾਘਾਯੋਗ ਹੈ। ਲੋਕਾਂ ਨੇ ਕਿਹਾ ਕਿ ਪਹਿਲਾਂ ਕਈ ਗਰੀਬ ਤੇ ਮੱਧ ਵਰਗੀ ਪਰਿਵਾਰ ਇਲਾਜ ਤੋਂ ਵਾਂਝੇ ਰਹਿ ਜਾਂਦੇ ਸਨ, ਪਰ ਹੁਣ ਪੰਜਾਬ ਸਰਕਾਰ ਵੱਲੋਂ ‘ਸਿਹਤ ਬੀਮਾ ਕਾਰਡ’ ਸ਼ੁਰੂ ਕਰਨ ਨਾਲ ਲੋਕਾਂ ਦੀ ਸਿਹਤ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਇਸ ਯੋਜਨਾ ਨਾਲ ਲੋੜਵੰਦ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਉਨ੍ਹਾਂ ਨੂੰ ਸਮੇਂ ਸਿਰ ਬਿਹਤਰ ਇਲਾਜ ਮਿਲਣਾ ਸੰਭਵ ਹੋ ਸਕਿਆ ਹੈ।

LEAVE A REPLY

Please enter your comment!
Please enter your name here