ਬੰਗਾ ਤੋਂ ਵਿਧਾਇਕ ਡਾ. ਸੁੱਖੀ ਨੇ ਦਿੱਤਾ ਅਸਤੀਫਾ/ ਕੈਬਨਿਟ ਰੈਂਕ ਤੋਂ ਵੀ ਕੀਤਾ ਕਿਨਾਰਾ, ਲਾਈਵ ਹੋ ਕੇ ਦੱਸੀ ਵਜ੍ਹਾ

0
11

ਬੰਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ  ਸੁਖਵਿੰਦਰ ਕੁਮਾਰ ਸੁੱਖੀ ਨੇ ਵਿਧਾਇਕ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਕੈਬਨਿਟ ਰੈਂਕ ਨੂੰ ਵੀ ਅਲਵਿਦਾ ਕਹਿ ਦਿੱਤਾ ਐ। ਉਨ੍ਹਾਂ ਨੇ ਇਹ ਕਦਮ ਪਾਵਨ ਸਰੂਪ ਮਾਮਲੇ ਨੂੰ ਲੈ ਕੇ ਵਾਪਰੇ ਘਟਨਾਕ੍ਰਮ ਤੋਂ ਬਾਅਦ ਚੁੱਕਿਆ ਹੈ। ਖਬਰਾਂ ਮੁਤਾਬਕ ਡਾ. ਸੁੱਖੀ ਰਾਜਾ ਸਾਹਿਬ ਦੇ ਦਰਬਾਰ ਬਾਰੇ ਆਏ ਬਿਆਨਾਂ ਤੋਂ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਨੇ ਰਾਜਾ ਸਾਹਿਬ ਦੇ ਦਰਬਾਰ ਲਈ ਕਿਸੇ ਵੀ ਹੱਦ ਤਕ ਜਾਣ ਦੀ ਗੱਲ ਕਹੀ ਐ। ਉਨ੍ਹਾਂ ਆਖਿਆ ਕਿ ਇਸ ਮਾਮਲੇ ਨਾਲ ਉਨ੍ਹਾਂ ਦੇ ਮਨ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਲਾਈਵ ਹੋ ਕੇ ਦੱਸਿਆ ਕਿ ਰਾਜਾ ਸਾਹਿਬ ਦੇ ਸਤਿਕਾਰ ਲਈ ਮੈਂ ਕਿਸੇ ਵੀ ਹੱਦ ਤੱਕ ਜਾ ਸਕਦਾ ਹਾਂ। ਮੈਂ ਆਪਣੇ ਕੈਬਿਨਟ ਮੰਤਰੀ ਰੈਂਕ ਦੇ ਅਹੁਦੇ ਤੋਂ ਅਸਤੀਫ਼ਾ ਦਿੰਦਾ ਹਾਂ।
ਡਾ. ਸੁੱਖੀ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਇਨ੍ਹਾਂ ਅਹੁਦਿਆਂ ਤੋਂ ਉੱਪਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦਾ ਧਾਰਮਿਕ ਤੇ ਪਵਿੱਤਰ ਸਥਾਨ ਹੈ। ਉਹ ਬਚਪਨ ਤੋਂ ਹੀ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਰਸੋਖਾਨਾ ਪਾਵਨ ਅਸਥਾਨ ‘ਤੇ ਆ ਰਹੇ ਹਨ। ਉਨ੍ਹਾਂ ਆਪਣੇ ਪੁਰਖਿਆਂ ਤੋਂ ਇਸ ਸਥਾਨ ਦੀ ਮਰਿਆਦਾ ਬਾਰੇ ਹੀ ਸੁਣਿਆ ਹੈ। ਜਿੱਥੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੈ, ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ।
ਉਨ੍ਹਾਂ ਕਿਹਾ ਕਿ ਇੱਥੇ ਜੋ ਮਾਣ-ਸਤਿਕਾਰ ਮਿਲਦਾ ਹੈ, ਅਜਿਹਾ ਉਨ੍ਹਾਂ ਨੇ ਹੋਰ ਕਿਤੇ ਨਹੀਂ ਦੇਖਿਆ। ਜਿਸ ਮਾਣ-ਸਨਮਾਨ ਨਾਲ ਲੋਕ ਇੱਥੇ ਰਾਜਾ ਸਾਹਿਬ ਦੇ ਅੱਗੇ ਨਤਮਸਤਕ ਹੁੰਦੇ ਹਨ, ਉਸੇ ਤਰ੍ਹਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਵੀ ਮੰਨਦੇ ਹਨ। ਉਹ ਇਸ ਹਲਕੇ ਦੇ ਨੁਮਾਇੰਦੇ ਹਨ ਤੇ ਇਸ ਘਰ ਦੇ ਸੇਵਕ ਹਨ। ਇਸ ਅਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ‘ਚ ਕੋਈ ਕਮੀ ਨਹੀਂ ਆ ਸਕਦੀ।
ਦੱਸ ਦਈਏ ਕਿ ਡਾ. ਸੁੱਖੀ 14 ਅਗਸਤ 2024 ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੂੰ ਪਾਰਟੀ ਨੇ  ਪੰਜਾਬ ਸਟੇਟ ਕੰਟੇਨਰ ਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਬਣਾਉਣ ਦੇ ਨਾਲ ਨਾਲ ਕੈਬਨਿਟ ਰੈਂਕ ਨਾਲ ਵੀ ਨਿਵਾਜਿਆ ਸੀ।  ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹੁੰਦੇ ਹੋਏ ‘ਆਪ’ ‘ਚ ਜਾਣ ਕਾਰਨ ਉਨ੍ਹਾਂ ਦੀ ਮੈਂਬਰੀ ਰੱਦ ਕਰਨ ਦਾ ਮਾਮਲਾ ਹਾਈਕੋਰਟ ਤਕ ਪਹੁੰਚ ਗਿਆ ਸੀ ਅਤੇ ਹਾਈਕੋਰਟ ਨੇ ਵਿਧਾਨ ਸਭਾ ਸਪੀਕਰ ਨੂੰ ਉਨ੍ਹਾਂ ਦੀ ਮੈਂਬਰੀ ਬਾਰੇ ਜਲਦ ਫੈਸਲਾ ਲੈਣ ਲਈ ਕਿਹਾ ਸੀ। ਬੀਤੇ ਦਿਨੀਂ ਮੁੱਖ ਮੰਤਰੀ ਵੱਲੋਂ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਰਸੋਖਾਨਾ ‘ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਿਲਣ ਬਾਰੇ ਗੱਲ ਕਹੀ ਗਈ। ਇਸੇ ਨੂੰ ਲੈ ਕੇ ਇਹ ਸਾਰਾ ਘਟਨਾਕ੍ਰਮ ਵਾਪਰਿਆ ਹੈ।

LEAVE A REPLY

Please enter your comment!
Please enter your name here