ਪੰਜਾਬ ਅੰਮ੍ਰਿਤਸਰ ’ਚ ਸਿੱਖ ਜਥੇਬੰਦੀਆਂ ਦੀ ਪ੍ਰੈੱਸ ਕਾਨਫਰੰਸ/ ਸਰੂਪ ਮਾਮਲੇ ਨੂੰ ਲੈ ਕੇ ਸੁਖਬੀਰ ਬਾਦਲ ਵੱਲ ਨਿਸ਼ਾਨਾ/ ਗੰਦੀ ਰਾਜਨੀਤੀ ਕਰਨ ਦੇ ਲਾਏ ਇਲਜ਼ਾਮ By admin - January 18, 2026 0 6 Facebook Twitter Pinterest WhatsApp ਸਿੱਖ ਜਥੇਬੰਦੀਆਂ 328 ਸਰੂਪ ਮਾਮਲੇ ਨੂੰ ਲੈ ਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲ ਨਿਸ਼ਾਨਾ ਸੇਧਿਆ ਐ। ਅੰਮ੍ਰਿਤਸਰ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿੱਖ ਆਗੂਆਂ ਨੇ ਕਿਹਾ ਕ ਸੁਖਬੀਰ ਬਾਦਲ ਤੇ ਹੋਰ ਸਿਆਸੀ ਲੀਡਰ ਇਸ ਅਤੀ ਸੰਵੇਦਨਸ਼ੀਲ ਮਾਮਲੇ ਵਿਚ ਵੀ ਗੰਦੀ ਰਾਜਨੀਤੀ ਕਰ ਰਹੇ ਹਨ ਅਤੇ ਸੱਚਾਈ ਸੰਗਤ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੇ। ਇਸ ਮੌਕੇ ਸਿੱਖ ਸਦਭਾਵਨਾ ਦਲ ਦੇ ਭਾਈ ਬਲਦੇਵ ਸਿੰਘ ਵਡਾਲਾ, ਕਿਸਾਨ ਆਗੂ ਭਾਈ ਬਲਦੇਵ ਸਿੰਘ ਸਿਰਸਾ ਅਤੇ ਸਤਿਕਾਰ ਕਮੇਟੀ ਦੇ ਭਾਈ ਸੁਖਜੀਤ ਸਿੰਘ ਖੋਸਾ ਸਮੇਤ ਕਈ ਹੋਰ ਆਗੂ ਮੌਜੂਦ ਸਨ। ਆਗੂਆਂ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਦੇ ਸੰਘਰਸ਼ ਅਤੇ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਬਣੀ ਵਿਸ਼ੇਸ਼ ਜਾਂਚ ਟੀਮ (SIT) ਨੇ ਜਦੋਂ ਜਾਂਚ ਤੇਜ਼ ਕੀਤੀ ਤਾਂ ਬੰਗੇ ਦੇ ਨੇੜੇ ‘ਨਾਵ ਕਮਲ ਰਾਜਾ ਸਾਹਿਬ’ ਨਾਮਕ ਸਥਾਨ ਤੋਂ 169 ਪਾਵਨ ਸਰੂਪਾਂ ਦਾ ਪਤਾ ਲੱਗਿਆ। ਉਨ੍ਹਾਂ ਸਵਾਲ ਕੀਤਾ ਕਿ ਇਹ ਸਰੂਪ ਉੱਥੇ ਕਿਸ ਦੇ ਕਹਿਣ ‘ਤੇ ਭੇਜੇ ਗਏ ਅਤੇ ਰਿਕਾਰਡ ਵਿੱਚ ਦਰਜ ਕਿਉਂ ਨਹੀਂ ਕੀਤੇ ਗਏ? ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤਾ ਗਿਆ ਬਿਆਨ ਤੱਥਾਂ ‘ਤੇ ਅਧਾਰਿਤ ਹੈ, ਕਿਉਂਕਿ ਉੱਥੋਂ ਦੇ ਪ੍ਰਬੰਧਕਾਂ ਨੇ ਖੁਦ ਮੰਨਿਆ ਹੈ ਕਿ ਕਈ ਸਰੂਪਾਂ ਦਾ ਉਨ੍ਹਾਂ ਕੋਲ ਕੋਈ ਰਿਕਾਰਡ ਨਹੀਂ ਹੈ। ਪ੍ਰੈਸ ਕਾਨਫਰੰਸ ਦੌਰਾਨ ਭਾਈ ਸੁਖਜੀਤ ਸਿੰਘ ਖੋਸਾ ਨੇ ਤਸਵੀਰਾਂ ਅਤੇ ਦਸਤਾਵੇਜ਼ ਦਿਖਾਉਂਦਿਆਂ ਦਾਅਵਾ ਕੀਤਾ ਕਿ ਜਿਸ ਸਥਾਨ ਨੂੰ ਗੁਰਦੁਆਰਾ ਸਾਹਿਬ ਦੱਸ ਕੇ ਰਾਜਨੀਤੀ ਕੀਤੀ ਜਾ ਰਹੀ ਹੈ, ਉੱਥੇ ਸਿੱਖ ਰਹਿਤ ਮਰਿਆਦਾ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਨ੍ਹਾਂ ਦਿਖਾਇਆ ਕਿ ਨਿਸ਼ਾਨ ਸਾਹਿਬ ਦੇ ਉੱਪਰ ਖੰਡੇ ਦੀ ਜਗ੍ਹਾ ਮੋਰ ਦੇ ਖੰਭ ਲਗਾਏ ਗਏ ਹਨ ਅਤੇ ਗੁੰਬਦਾਂ ‘ਤੇ ਗੈਰ-ਸਿੱਖ ਚਿੰਨ੍ਹ ਮੌਜੂਦ ਹਨ। ਉੱਥੇ ਮਜ਼ਾਰਾਂ ਦੀ ਪੂਜਾ ਹੁੰਦੀ ਹੈ ਅਤੇ ਪਾਵਨ ਸਰੂਪਾਂ ਦਾ ਪ੍ਰਕਾਸ਼ ਅਜਿਹੀਆਂ ਥਾਵਾਂ ‘ਤੇ ਕੀਤਾ ਗਿਆ ਹੈ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ 2001 ਅਤੇ 2013 ਦੇ ਹੁਕਮਨਾਮਿਆਂ ਦੀ ਸਿੱਧੀ ਉਲੰਘਣਾ ਹੈ। ਭਾਈ ਵਡਾਲਾ ਨੇ ਕਿਹਾ ਕਿ ਜਦੋਂ ਸਿੱਟ ਜਾਂਚ ਕਰ ਰਹੀ ਹੈ, ਤਾਂ ਸੁਖਬੀਰ ਬਾਦਲ ਅਤੇ ਹੋਰ ਲੀਡਰ ਉੱਥੇ ਪਹੁੰਚ ਕੇ ‘ਬੇਅਦਬੀ’ ਅਤੇ ‘ਅਟੈਕ’ ਦਾ ਰੌਲਾ ਪਾ ਕੇ ਲੋਕਾਂ ਨੂੰ ਭੜਕਾ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਬਰਗਾੜੀ ਜਾਂ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਬੇਅਦਬੀ ਹੋਈ ਸੀ, ਉਦੋਂ ਇਹ ਲੀਡਰ ਕਿਉਂ ਨਹੀਂ ਬੋਲੇ? ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਬਾਦਲ ਦਲ ਸਿਰਫ ਆਪਣੇ ਦੋਸ਼ੀ ਅਫਸਰਾਂ ਅਤੇ ਲੀਡਰਾਂ ਨੂੰ ਬਚਾਉਣ ਲਈ ਇਸ ਮਸਲੇ ਨੂੰ ਖੁਰਦ-ਬੁਰਦ ਕਰਨਾ ਚਾਹੁੰਦੇ ਹਨ। ਸਿੱਖ ਜਥੇਬੰਦੀਆਂ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇੱਕ ਪੱਤਰ ਸੌਂਪਿਆ ਹੈ। ਅਖੀਰ ਵਿੱਚ, ਆਗੂਆਂ ਨੇ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਲੀਡਰਾਂ ਦੇ ਕੂੜ ਪ੍ਰਚਾਰ ਤੋਂ ਬਚਣ। ਉਨ੍ਹਾਂ ਕਿਹਾ ਕਿ ਮਕਸਦ ਕਿਸੇ ਡੇਰੇ ਜਾਂ ਵਿਅਕਤੀ ਨਾਲ ਦੁਸ਼ਮਣੀ ਕਮਾਉਣਾ ਨਹੀਂ, ਬਲਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਅਤੇ ਮਰਿਆਦਾ ਨੂੰ ਬਹਾਲ ਰੱਖਣਾ ਹੈ। ਉਨ੍ਹਾਂ ਸਿੱਟ (SIT) ਨੂੰ ਵੀ ਤਾਕੀਦ ਕੀਤੀ ਕਿ ਉਹ ਬਿਨਾਂ ਕਿਸੇ ਦਬਾਅ ਦੇ ਆਪਣੀ ਜਾਂਚ ਜਾਰੀ ਰੱਖਣ ਅਤੇ 328 ਸਰੂਪਾਂ ਦਾ ਸੱਚ ਪੰਥ ਦੇ ਸਾਹਮਣੇ ਲਿਆਉਣ।