ਫਤਹਿਗੜ੍ਹ ਸਾਹਿਬ ਸਿਵਲ ਸਰਜਨ ਕੋਲ ਡਾਕਟਰ ਦੀ ਸ਼ਿਕਾਇਤ/ ਮੈਡੀਕਲ ਰਿਪੋਰਟਾਂ ਨਾਲ ਛੇੜਛਾੜ ਦੇ ਲੱਗੇ ਇਲਜ਼ਾਮ/ ਸਿਵਲ ਹਸਪਤਾਲ ’ਚ ਤੈਨਾਤ ਹੈ ਡਾਕਟਰ

0
7

ਫਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਤੈਨਾਤ ਇਕ ਡਾਕਟਰ ਉਤੇ ਰਿਪੋਰਟਾਂ ਨਾਲ ਛੇੜਛਾੜ ਦੇ ਇਲਜਾਮ ਲੱਗੇ ਨੇ। ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੇਵਾ ਸਿੰਘ ਵਾਸੀ ਪਿੰਡ ਭਗਤਾਣਾ ਨੇ ਦੱਸਿਆ ਕਿ ਉਹ ਲੜਾਈ ਦੌਰਾਨ ਜ਼ਖਮੀ ਹੋਣ ਤੋਂ ਬਾਦ ਸਿਵਲ ਹਸਪਤਾਲ ਵਿਚ ਇਲਾਜ ਲਈ ਆਇਆ ਸੀ, ਪਰ ਇਥੇ ਤੈਨਾਤ ਡਾਕਟਰ ਨੇ ਦੂਜੀ ਧਿਰ ਨਾਲ ਮਿਲ ਕੇ ਉਸ ਦੀਆਂ ਮੈਡੀਕਲ ਰਿਪੋਰਟਾਂ ਨਾਲ ਛੇੜਛਾੜ ਕੀਤੀ ਹੈ। ਪੀੜਤ ਨੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਨੂੰ ਲਿਖਤੀ ਸ਼ਿਕਾਇਤ ਦੇ ਕੇ ਦੋਸ਼ੀ ਡਾਕਟਰ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।
ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਪੀੜਤ ਮੇਵਾ ਸਿੰਘ ਨੇ ਦੱਸਿਆ ਕਿ 25 ਨਵੰਬਰ 2025 ਨੂੰ ਉਸ ਦੇ ਪਿੰਡ ਵਿੱਚ ਕੁਝ ਵਿਅਕਤੀਆਂ ਨਾਲ ਉਸ ਦੀ ਲੜਾਈ ਹੋ ਗਈ ਸੀ, ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿੱਚ ਦਾਖ਼ਲ ਕਰਵਾਇਆ ਗਿਆ। ਉਸ ਦਾ ਦੋਸ਼ ਹੈ ਕਿ ਹਸਪਤਾਲ ਵਿੱਚ ਮੌਜੂਦ ਡਾਕਟਰਾਂ ਨੇ ਦੂਜੀ ਧਿਰ ਨਾਲ ਮਿਲ ਕੇ ਉਸ ਨੂੰ ਫਿੱਟ ਕਰਾਰ ਦੇ ਦਿੱਤਾ ਅਤੇ 27 ਨਵੰਬਰ 2025 ਦੀ ਸ਼ਾਮ ਨੂੰ ਡਿਸਚਾਰਜ ਕਰ ਦਿੱਤਾ।
ਮੇਵਾ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਨਿੱਜੀ ਸਕੈਨ ਸੈਂਟਰ ਤੋਂ ਆਪਣੇ ਜਬਾੜੇ ਦਾ ਸਕੈਨ ਕਰਵਾਇਆ ਤਾਂ ਉਸ ਵਿੱਚ ਫ੍ਰੈਕਚਰ ਨਿਕਲ ਕੇ ਸਾਹਮਣੇ ਆਇਆ। ਇਸ ਸਬੰਧੀ ਐਕਸ-ਰੇ ਰਿਪੋਰਟ ਲੈ ਕੇ ਜਦੋਂ ਉਹ ਮੁੜ ਸੰਬੰਧਿਤ ਡਾਕਟਰ ਕੋਲ ਗਿਆ ਤਾਂ ਡਾਕਟਰ ਨੇ ਬਾਹਰਲੇ ਐਕਸ-ਰੇ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਭਾਜਪਾ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਮੱਖਣ ਨੇ ਦੱਸਿਆ ਕਿ 3 ਜਨਵਰੀ 2026 ਨੂੰ ਮੇਵਾ ਸਿੰਘ ਦਾ ਮੁੜ ਤੋਂ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿੱਚ ਸਿਟੀ ਸਕੈਨ ਕਰਵਾਇਆ ਗਿਆ, ਜਿਸ ਵਿੱਚ ਪੀੜਤ ਦਾ ਜਬਾੜਾ ਟੁੱਟਿਆ ਹੋਇਆ ਅਤੇ ਨੱਕ ਦੀ ਹੱਡੀ ਵੀ ਫ੍ਰੈਕਚਰ ਪਾਈ ਗਈ।
ਸਰਬਜੀਤ ਸਿੰਘ ਮੱਖਣ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਉਕਤ ਡਾਕਟਰ ਖ਼ਿਲਾਫ਼ ਜਲਦ ਬਣਦੀ ਅਤੇ ਨਿਰਪੱਖ ਕਾਰਵਾਈ ਨਾ ਕੀਤੀ ਗਈ ਤਾਂ ਉਹ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਗੇ। ਇਸ ਮਾਮਲੇ ਬਾਰੇ ਪੁੱਛੇ ਜਾਣ ਉਤੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਗੋਲ ਮੋਲ ਜਵਾਬ ਦਿੰਦੇ ਨਜ਼ਰ ਆਏ।

LEAVE A REPLY

Please enter your comment!
Please enter your name here