ਅੰਮ੍ਰਿਤਸਰ ’ਚ ਅਤਿਸ਼ੀ ਮਾਮਲੇ ਬਾਰੇ ਬੋਲੇ ਧਾਲੀਵਾਲ/ ਭਾਜਪਾ ’ਤੇ ਝੂਠੀ ਵੀਡੀਓ ਵਾਇਰਲ ਕਰਨ ਦੇ ਇਲਜ਼ਾਮ

0
9

ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਨਾਲ ਜੁੜੇ ਮਾਮਲੇ ਨੂੰ ਲੈ ਕੇ ਭਾਜਪਾ ਉਤੇ ਪਲਟਵਾਰ ਕੀਤਾ ਐ। ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਭਾਜਪਾ ਨੇ ਸਾਬਕਾ ਮੁੱਖ ਮੰਤਰ ਆਤਿਸ਼ੀ ਦੇ ਬਿਆਨ ਨਾਲ ਤੋੜ ਮਰੋੜ ਕੇ ਉਸ ਦੀ ਫਰਜ਼ੀ ਵੀਡੀਓ ਵਾਇਰਲ ਕੀਤੀ ਐ। ਉਨ੍ਹਾਂ ਕਿਹਾ ਕਿ ਭਾਜਪਾ ਗੁਰੂ ਸਾਹਿਬਾਨ ਦੇ ਨਾਮ ਤੇ ਸਿਆਸਤ ਕਰਨਾ ਚਾਹੁੰਦੀ ਐ, ਜੋ ਅਤੀ ਮੰਦਭਾਗਾ ਐ।
ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤੀ ਜਨਤਾ ਪਾਰਟੀ ’ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਬੀਜੇਪੀ ਨੇ ਘਟੀਆ ਰਾਜਨੀਤੀ ਕਰਦਿਆਂ ਗੁਰੂ ਸਾਹਿਬਾਨਾਂ ਨੂੰ ਵੀ ਆਪਣੀ ਸਿਆਸਤ ਦਾ ਹਥਿਆਰ ਬਣਾਇਆ ਹੈ। ਕੁਲਦੀਪ ਧਾਲੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਆਤਿਸ਼ੀ ਦੇ ਖ਼ਿਲਾਫ਼ ਇੱਕ ਝੂਠੀ ਤੇ ਐਡੀਟ ਕੀਤੀ ਹੋਈ ਵੀਡੀਓ ਤਿਆਰ ਕਰਕੇ ਵਾਇਰਲ ਕੀਤੀ ਗਈ, ਜਿਸ ਰਾਹੀਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਜਾਣਬੁੱਝ ਕੇ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਵੀਡੀਓ ਬੀਜੇਪੀ ਦੇ ਮੰਤਰੀ ਕਪਿਲ ਮਿਸ਼ਰਾ ਦੇ ਅਕਾਊਂਟ ਤੋਂ ਡਾਊਨਲੋਡ ਹੋਈ ਸੀ, ਜਿਸ ਦੀ ਸ਼ਿਕਾਇਤ ਜਲੰਧਰ ਵਿੱਚ ਪੁਲਿਸ ਕੋਲ ਕੀਤੀ ਗਈ।
ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਵੀਡੀਓ ਨੂੰ ਫੋਰੈਂਸਿਕ ਲੈਬ ਵਿੱਚ ਜਾਂਚ ਲਈ ਭੇਜਿਆ ਗਿਆ, ਜਿੱਥੇ ਸਪਸ਼ਟ ਹੋ ਗਿਆ ਕਿ ਆਤਿਸ਼ੀ ਨੇ ਕਿਤੇ ਵੀ ਗੁਰੂ ਸਾਹਿਬਾਨਾਂ ਬਾਰੇ ਅਪਮਾਨਜਨਕ ਟਿੱਪਣੀ ਨਹੀਂ ਕੀਤੀ। ਧਾਲੀਵਾਲ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ ਅਤੇ ਸੰਤਾਂ ਦੀ ਧਰਤੀ ਹੈ, ਪਰ ਬੀਜੇਪੀ ਨੇ ਪਹਿਲਾਂ ਹੀ ਪੰਜਾਬ ਨਾਲ ਧੱਕਾ ਕੀਤਾ ਹੈ ਅਤੇ ਹੁਣ ਗੁਰੂ ਸਾਹਿਬਾਨਾਂ ਨੂੰ ਵੀ ਸਿਆਸਤ ਵਿੱਚ ਘਸੀਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਹਮੇਸ਼ਾਂ ਦਸਾਂ ਗੁਰੂਆਂ ਅੱਗੇ ਸਿਰ ਨਿਵਾਉਂਦੀ ਆਈ ਹੈ ਅਤੇ ਅੱਗੇ ਵੀ ਨਿਵਾਉਂਦੀ ਰਹੇਗੀ।
ਧਾਲੀਵਾਲ ਨੇ ਅਕਾਲੀ ਦਲ, ਕਾਂਗਰਸ ਅਤੇ ਹੋਰ ਨੇਤਾਵਾਂ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਗਲਤ ਵੀਡੀਓ ਨੂੰ ਸ਼ੇਅਰ ਕਰਨਾ ਬਹੁਤ ਗੰਭੀਰ ਗਲਤੀ ਹੈ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਨੇ ਵੀ ਇਸ ਵੀਡੀਓ ਨੂੰ ਵਾਇਰਲ ਕੀਤਾ ਹੈ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਕਾਨੂੰਨ ਸਭ ਲਈ ਇੱਕੋ ਜਿਹਾ ਹੈ। ਕੁਲਦੀਪ ਧਾਲੀਵਾਲ ਨੇ ਕਿਹਾ ਕਿ ਬੀਜੇਪੀ ਪੰਜਾਬ ਵਿਰੋਧੀ, ਕਿਸਾਨ ਵਿਰੋਧੀ ਅਤੇ ਸਿੱਖ ਵਿਰੋਧੀ ਪਾਰਟੀ ਹੈ। ਉਨ੍ਹਾਂ ਸਿੱਖ ਸਮਾਜ ਨੂੰ ਅਪੀਲ ਕੀਤੀ ਕਿ ਬੀਜੇਪੀ ਦੀ ਨਫ਼ਰਤੀ ਰਾਜਨੀਤੀ ਤੋਂ ਸਾਵਧਾਨ ਰਹਿਣ ਅਤੇ ਦੇਸ਼ ਵਿੱਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ।

LEAVE A REPLY

Please enter your comment!
Please enter your name here