ਕਪੂਰਥਲਾ ਨਾਲ ਸਬੰਧਤ ਮਹਿਲਾ ਦੀ ਵਤਨ ਵਾਪਸੀ/ ਉਮਾਨ ’ਚ ਕਈ ਮਹੀਨਿਆਂ ਤੋਂ ਫਸੀ ਸੀ ਮਹਿਲਾ/ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਪਹੁੰਚੀ ਘਰ

0
7

ਕਪੂਰਥਲਾ ਨਾਲ ਸਬੰਧਤ ਮਹਿਲਾ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਅਖੀਰ ਘਰ ਵਾਪਸ ਆ ਗਈ ਐ। ਇਹ ਮਹਿਲਾ ਕਈ ਮਹੀਨਿਆਂ ਤੋਂ ਉਮਾਨ ਵਿਚ ਫਸੀ ਹੋਈ ਸੀ। ਪੀੜਤਾਂ ਨੇ ਕਿਸੇ ਤਰ੍ਹਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ, ਜਿਨ੍ਹਾਂ ਦਾ ਯਤਨਾ ਸਦਕਾ ਉਹ ਆਖਿਰਕਾਰ ਸੁਰੱਖਿਅਤ ਵਤਨ ਵਾਪਸ ਪਹੁੰਚ ਗਈ ਹੈ। ਘਰ ਪਹੁੰਚਣ ਉਪਰੰਤ ਮਹਿਲਾ ਨੇ ਮੀਡੀਆ ਸਾਹਮਣੇ ਆਪਣੀ ਹੱਡਬੀਤੀ ਸਾਂਝੀ ਕਰਦਿਆਂ ਰੂਹ ਕੰਬਾਊ ਖੁਲਾਸੇ ਕੀਤੇ।
ਮਹਿਲਾ ਨੇ ਦੱਸਿਆ ਕਿ ਉਹ ਲਗਭਗ ਚਾਰ ਮਹੀਨੇ ਉਮਾਨ ਵਿੱਚ ਫਸੀ ਰਹੀ, ਜਿੱਥੇ ਉਸਨੂੰ ਘਰੇਲੂ ਕੰਮ ਕਰਨ ਦੇ ਨਾਲ-ਨਾਲ ਸਰੀਰਕ ਸ਼ੋਸ਼ਣ ਲਈ ਵੀ ਮਜਬੂਰ ਕੀਤਾ ਗਿਆ। ਉਸਨੇ ਕਿਹਾ ਕਿ ਉਸ ਸਮੇਂ ਉਸਦੀ ਘਰ ਸੁਰੱਖਿਅਤ ਵਾਪਸੀ ਦੀ ਆਸ ਲਗਭਗ ਟੁੱਟ ਚੁੱਕੀ ਸੀ ਪਰ ਹੁਣ ਦੇਸ਼ ਵਾਪਸ ਆ ਕੇ ਉਸਦੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ।
ਉਸਨੇ ਦਾਅਵਾ ਕੀਤਾ ਕਿ ਉਮਾਨ ਵਿੱਚ ਅਜੇ ਵੀ 70 ਤੋਂ ਵੱਧ ਕੁੜੀਆਂ ਫਸੀਆਂ ਹੋਈਆਂ ਹਨ, ਜੋ ਬਹੁਤ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰ ਰਹੀਆਂ ਹਨ। ਮਹਿਲਾ ਨੇ ਕਿਹਾ ਕਿ ਉਸਦੇ ਲਈ ਉਹ ਚਾਰ ਮਹੀਨੇ ਬੇਹੱਦ ਪੀੜਾਦਾਇਕ ਰਹੇ, ਜਿੱਥੇ ਉਸਨੂੰ ਗੰਭੀਰ ਮਾਨਸਿਕ ਅਤੇ ਸਰੀਰਕ ਪਰੇਸ਼ਾਨੀਆਂ ਸਹਿਣੀਆਂ ਪਈਆਂ।
ਮੀਡੀਆ ਨਾਲ ਗੱਲਬਾਤ ਦੌਰਾਨ ਮਹਿਲਾ ਨੇ ਭਾਰਤ ਸਰਕਾਰ ਅਤੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਭੂਮਿਕਾ ਉਸਦੀ ਵਾਪਸੀ ਵਿੱਚ ਬਹੁਤ ਹੀ ਮਹੱਤਵਪੂਰਨ ਰਹੀ। ਉਸਨੇ ਕਿਹਾ ਕਿ ਇਸ ਕੌੜੇ ਤਜਰਬੇ ਨੇ ਉਸਨੂੰ ਜੀਵਨ ਬਾਰੇ ਇੱਕ ਵੱਡੀ ਸਿੱਖਿਆ ਦਿੱਤੀ ਹੈ ਅਤੇ ਪਰਿਵਾਰ ਨਾਲ ਮੁੜ ਮਿਲਣਾ ਉਸਦੇ ਲਈ ਭਾਵੁਕ ਤੇ ਸੁਖਦ ਅਨੁਭਵ ਰਿਹਾ।
ਅਖੀਰ ਵਿੱਚ ਮਹਿਲਾ ਨੇ ਵਿਦੇਸ਼ ਜਾਣ ਦੀ ਸੋਚ ਰਹੇ ਨੌਜਵਾਨਾਂ ਨੂੰ ਸੋਚ-ਸਮਝ ਕੇ ਕਦਮ ਚੁੱਕਣ ਦੀ ਅਪੀਲ ਕਰਦਿਆਂ ਕਿਹਾ ਕਿ ਬਿਨਾਂ ਪੂਰੀ ਜਾਂਚ-ਪੜਤਾਲ ਵਿਦੇਸ਼ ਜਾਣਾ ਖਤਰਨਾਕ ਸਾਬਤ ਹੋ ਸਕਦਾ ਹੈ। ਉਸਨੇ ਸੰਤ ਬਲਬੀਰ ਸਿੰਘ ਸੀਚੇਵਾਲ, ਸਰਕਾਰ ਅਤੇ ਸਭ ਮਦਦਗਾਰਾਂ ਦਾ ਇੱਕ ਵਾਰ ਫਿਰ ਧੰਨਵਾਦ ਕੀਤਾ।

LEAVE A REPLY

Please enter your comment!
Please enter your name here