ਅੰਮ੍ਰਿਤਸਰ ਥਾਣਾ ਬੀ-ਡਵੀਜ਼ਨ ਪੁਲਿਸ ਦੀ ਵੱਡੀ ਕਾਮਯਾਬੀ/ ਇਰਾਦਾ ਕਤਲ ਮਾਮਲੇ ’ਚ ਮੁੱਖ ਮੁਲਜ਼ਮ ਗ੍ਰਿਫ਼ਤਾਰ/ ਗਲੋਕ ਪਿਸਟਲ ਤੇ ਐਕਟੀਵਾ ਸਕੂਟੀ ਬਰਾਮਦ

0
8

ਅੰਮ੍ਰਿਤਸਰ ਵਿੱਚ ਥਾਣਾ ਬੀ-ਡਵੀਜ਼ਨ ਪੁਲਿਸ ਨੇ ਇਰਾਦਾ ਕਤਲ ਦੇ ਇੱਕ ਗੰਭੀਰ ਮਾਮਲੇ ਨੂੰ ਸੁਲਝਾਉਂਦੇ ਹੋਏ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਵਾਰਦਾਤ ਸਮੇਂ ਵਰਤਿਆ ਗਿਆ ਗਲੋਕ ਪਿਸਟਲ ਸਮੇਤ 6 ਜਿੰਦਾ ਰੋਦ ਅਤੇ ਐਕਟੀਵਾ ਸਕੂਟੀ ਵੀ ਬ੍ਰਾਮਦ ਕੀਤੀ ਹੈ। ਮੁਲਜ਼ਮ ਦੀ ਪਛਾਣ ਮਨਿੰਦਰਪਾਲ ਸਿੰਘ ਉਰਫ਼ ਸ਼ਾਲਾ ਵਜੋਂ ਹੋਈ ਹੈ। ਪੁਲਿਸ ਵੱਲੋਂ ਮੁਲਜਮ ਤੋਂ ਅਗਲੀ ਪੁਛਗਿੱਛ ਕੀਤੀ ਜਾ ਰਹੀ ਐ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀਪੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਉਮਰ 27 ਸਾਲ ਹੈ ਅਤੇ ਉਹ ਸੁਨਿਆਰੇ ਦਾ ਕੰਮ ਕਰਦਾ ਹੈ। ਇਹ ਮੁਕੱਦਮਾ ਬਿਮਲਪ੍ਰੀਤ ਸਿੰਘ ਪੁੱਤਰ ਹਰੀ ਸਿੰਘ ਵਾਸੀ ਨਿਊ ਆਜ਼ਾਦ ਨਗਰ, ਅੰਮ੍ਰਿਤਸਰ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਸੀ।
ਸ਼ਿਕਾਇਤ ਮੁਤਾਬਕ 11 ਅਕਤੂਬਰ 2025 ਨੂੰ ਨਿਊ ਆਜ਼ਾਦ ਨਗਰ ਵਿੱਚ ਦਰਜ਼ੀ ਦੀ ਦੁਕਾਨ ’ਤੇ ਕਪੜੇ ਟਰਾਈ ਕਰਨ ਦੌਰਾਨ ਮਨਿੰਦਰਪਾਲ ਸਿੰਘ ਉਰਫ਼ ਸ਼ਾਲਾ ਨੇ ਜਾਨੋਂ ਮਾਰ ਦੇਣ ਦੀ ਨੀਅਤ ਨਾਲ 5 ਰਾਊਂਡ ਫਾਇਰ ਕੀਤੇ। ਇਸ ਦੌਰਾਨ ਇੱਕ ਗੋਲੀ ਬਿਮਲਪ੍ਰੀਤ ਸਿੰਘ ਦੀ ਸੱਜੀ ਲੱਤ ਤੇ ਅਤੇ ਦੂਜੀ ਉਸਦੇ ਦੋਸਤ ਡਬਲੂ, ਜੋ ਹੇਅਰ ਡਰੈਸਰ ਦਾ ਕੰਮ ਕਰਦਾ ਹੈ, ਦੇ ਖੱਬੇ ਪੱਟ ’ਤੇ ਲੱਗੀ।
ਵਾਰਦਾਤ ਤੋਂ ਬਾਅਦ ਮੁਲਜ਼ਮ ਪਿਸਟਲ ਸਮੇਤ ਆਪਣੀ ਐਕਟੀਵਾ ਸਕੂਟੀ ’ਤੇ ਮੌਕੇ ਤੋਂ ਫਰਾਰ ਹੋ ਗਿਆ ਸੀ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਪਹਿਲਾਂ ਦੋਸਤ ਸਨ ਪਰ ਆਪਸੀ ਤਕਰਾਰ ਕਾਰਨ ਰੰਜ਼ਿਸ਼ ਪੈਦਾ ਹੋ ਗਈ ਸੀ। ਡੀਸੀਪੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਮੁਲਜ਼ਮ ਯੂਪੀ, ਬਿਹਾਰ ਰਾਹੀਂ ਨੇਪਾਲ ਅਤੇ ਭੂਟਾਨ ਤੱਕ ਭੱਜ ਗਿਆ ਸੀ। ਆਖ਼ਿਰਕਾਰ ਪੁਲਿਸ ਨੇ 3 ਜਨਵਰੀ 2026 ਨੂੰ ਉਸਨੂੰ ਡੇਰਾ ਬਾਬਾ ਨਾਨਕ ਖੇਤਰ ਤੋਂ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

LEAVE A REPLY

Please enter your comment!
Please enter your name here