ਪੰਜਾਬ ਅੰਮ੍ਰਿਤਸਰ ਪੁਲਿਸ ’ਤੇ ਲੱਗੇ ਇਨਸਾਫ ’ਚ ਦੇਰੀ ਦੇ ਇਲਜ਼ਾਮ/ ਦੋ ਮਹੀਨੇ ਆਵਾਰਾ ਕੁੱਤਿਆਂ ਨੂੰ ਲੈ ਕੇ ਕੀਤਾ ਸੀ ਹਮਲਾ/ ਪੀੜਤ ਧਿਰ ਨੇ ਮੁੱਖ ਮੰਤਰੀ ਵੱਲ ਲਿਖਿਆ ਪੱਤਰ By admin - January 3, 2026 0 4 Facebook Twitter Pinterest WhatsApp ਅੰਮ੍ਰਿਤਸਰ ਪੁਲਿਸ ਤੇ ਦੋ ਮਹੀਨੇ ਪੁਰਾਣੇ ਮਾਮਲੇ ਵਿਚ ਪੀੜਤ ਧਿਰ ਨੂੰ ਇਨਸਾਫ ਨਾ ਦੇਣ ਦਾ ਇਲਜ਼ਾਮ ਲੱਗੇ ਨੇ। ਪੀੜਤ ਧਿਰ ਦਾ ਇਲਜਾਮ ਐ ਕਿ ਦੋ ਮਹੀਨੇ ਪਹਿਲਾਂ ਆਵਾਰਾ ਕੁੱਤਿਆਂ ਨੂੰ ਲੈ ਕੇ ਉਨ੍ਹਾਂ ਨਾਲ ਕੁੱਟਮਾਰ ਕਰਦਿਆਂ ਦਾੜ੍ਹੀ ਪੁੱਟੀ ਗਈ ਸੀ, ਜਿਸ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਗਈ ਸੀ ਪਰ ਦੋ ਮਹੀਨੇ ਬੀਤਣ ਬਾਅਦ ਵੀ ਇਨਸਾਫ ਨਹੀਂ ਮਿਲਿਆ ਅਤੇ ਮੁਲਜਮ ਖੁਲ੍ਹੇ ਘੁੰਮ ਰਹੇ ਨੇ। ਪੀੜਤ ਪਰਿਵਾਰ ਨੇ ਮੁੱਖ ਮੰਤਰੀ ਵੱਲ ਪੱਤਰ ਭੇਜ ਕੇ ਇਨਸਾਫ ਦੀ ਮੰਗ ਕੀਤੀ ਐ। ਦੱਸਣਯੋਗ ਐ ਕਿ ਅੰਮ੍ਰਿਤਸਰ ਦੇ ਅਧੀਨ ਆਉਂਦੇ ਇਕ ਇਲਾਕੇ ਵਿੱਚ ਅਵਾਰਾ ਕੁੱਤਿਆਂ ਦੇ ਮਸਲੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਤਕਰਾਰ ਦੌਰਾਨ ਇਕ ਧਿਰ ਵੱਲੋਂ ਦੂਜੀ ਧਿਰ ’ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਸੀ। ਇਸ ਦੌਰਾਨ ਇਕ ਬਜ਼ੁਰਗ ਵਿਅਕਤੀ ਦੀ ਦਾੜੀ ਪੁੱਟੀ ਗਈ ਅਤੇ ਉਸ ਨਾਲ ਭਾਰੀ ਕੁੱਟਮਾਰ ਕੀਤੀ ਗਈ। ਜਦੋਂ ਬਜ਼ੁਰਗ ਦੇ ਬੱਚੇ ਆਪਣੇ ਪਿਤਾ ਨੂੰ ਛਡਾਉਣ ਲਈ ਮੌਕੇ ’ਤੇ ਪਹੁੰਚੇ ਤਾਂ ਹਮਲਾਵਰਾਂ ਵੱਲੋਂ ਉਨ੍ਹਾਂ ’ਤੇ ਵੀ ਹਮਲਾ ਕਰ ਦਿੱਤਾ ਗਿਆ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਪੀੜਤ ਪਰਿਵਾਰ ਥਾਣਾ ਸਦਰ ਅੰਮ੍ਰਿਤਸਰ ਵਿਖੇ ਪੁੱਜਿਆ, ਜਿੱਥੇ ਪੁਲਿਸ ਮੁਲਾਜ਼ਮਾਂ ਵੱਲੋਂ ਮੈਡੀਕਲ ਕਰਵਾ ਕੇ ਪਰਚਾ ਤਾਂ ਕੱਟ ਦਿੱਤਾ ਗਿਆ, ਪਰ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀਆਂ ਖ਼ਿਲਾਫ਼ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ। ਜਦੋਂ ਪੀੜਤ ਪਰਿਵਾਰ ਵੱਲੋਂ ਇਸ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਥਾਣਾ ਸਦਰ ਦੇ ਅਧੀਨ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਇਹ ਵਾਕਿਆ ਉਨ੍ਹਾਂ ਦੇ ਥਾਣਾ ਖੇਤਰ ਵਿੱਚ ਨਹੀਂ ਆਉਂਦਾ, ਇਸ ਲਈ ਉਹ ਕਾਰਵਾਈ ਕਰਨ ਦੇ ਅਧਿਕਾਰ ਵਿੱਚ ਨਹੀਂ ਹਨ। ਇਨਸਾਫ ਦੀ ਆਸ ਵਿੱਚ ਨੌਜਵਾਨ ਵੱਲੋਂ ਦੋ ਵਾਰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ, ਪਰ ਉੱਥੋਂ ਵੀ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਹਾਰ ਕੇ ਨੌਜਵਾਨ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਭੇਜ ਕੇ ਮੀਡੀਆ ਰਾਹੀਂ ਪ੍ਰਸ਼ਾਸਨ ਕੋਲ ਇਨਸਾਫ ਦੀ ਗੁਹਾਰ ਲਗਾਈ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਘਟਨਾ ਸਥਾਨ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਚੁੱਕੀ ਹੈ, ਜਿਸ ਵਿੱਚ ਨੌਜਵਾਨ ਅਤੇ ਉਸਦੇ ਬਜ਼ੁਰਗ ਪਿਤਾ ਨਾਲ ਕੀਤੀ ਗਈ ਕੁੱਟਮਾਰ ਸਾਫ਼ ਤੌਰ ’ਤੇ ਦਿਖਾਈ ਦੇ ਰਹੀ ਹੈ। ਇਸ ਦੇ ਬਾਵਜੂਦ ਵੀ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਹੋਣਾ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜੇ ਕਰਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪ੍ਰਸ਼ਾਸਨ ਅਤੇ ਸਰਕਾਰ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਂਦੇ ਹਨ ਜਾਂ ਨਹੀਂ।