328 ਸਰੂਪ ਮਾਮਲੇ ’ਚ ਅਕਾਲੀ ਦਲ ਅੰਮ੍ਰਿਤਸਰ ਦਾ ਵੱਡਾ ਬਿਆਨ/ ਇਮਾਨ ਸਿੰਘ ਮਾਨ ਨੇ SGPC ਤੇ ਬਾਦਲ ਪਰਿਵਾਰ ’ਤੇ ਚੁੱਕੇ ਸਵਾਲ/ ਮਾਮਲੇ ਦੀ ਵਿਸਥਾਰਤ ਜਾਂਚ ਦੀ ਕੀਤੀ ਮੰਗ

0
11

 

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ 328 ਪਾਵਨ ਸਰੂਪ ਮਾਮਲੇ ਵਿਚ ਤਾਜ਼ਾ ਕਾਰਵਾਈ ਦਾ ਪੱਖ ਪੂਰਦਿਆਂ ਐਸਜੀਪੀਸੀ ਤੇ ਬਾਦਲ ਪਰਿਵਾਰ ਨੂੰ ਘੇਰਿਆ ਐ। ਅੰਮ੍ਰਿਤਸਰ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਪਾਰਟੀ ਦੇ ਕਾਰਜਕਾਰੀ ਪ੍ਰਧਾਨ  ਈਮਾਨ ਸਿੰਘ ਮਾਨ ਨੇ ਮਾਮਲੇ ਦੀ ਵਿਸਥਾਰਤ ਜਾਂਚ ਦੀ ਮੰਗ ਕੀਤੀ ਐ। ਇਸ ਮਾਮਲੇ ਵਿਚ ਅਕਾਲੀ ਦਲ ਤੇ ਐਸਜੀਪੀਸੀ ਦੀ ਭੂਮਿਕਾ ਤੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪਹਿਲੇ ਦਿਨ ਤੋਂ ਘਟਨਾ ਦੀ ਨਿਰਪੱਖ ਜਾਂਚ ਮੰਗਦੇ ਆ ਰਹੇ ਨੇ ਅਤੇ ਹੁਣ ਇਸ ਮਾਮਲੇ ਵਿਚ ਇਨਸਾਫ ਦੀ ਉਮੀਦ ਜਾਗੀ ਐ। ਉਨ੍ਹਾਂ ਪੂਰੀ ਕੌਮ ਨੂੰ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਸਰਕਾਰ ਤੇ ਦਬਾਅ ਬਣਾਉਣ ਦੀ ਅਪੀਲ ਕੀਤੀ।
ਇਮਾਨ ਸਿੰਘ ਮਾਨ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਉਹ ਬੀਬੀ ਜਗੀਰ ਕੌਰ ਦੇ ਘਰ ਦੇ ਸਾਹਮਣੇ ਧਰਨਾ ਲਗਾ ਕੇ 328 ਪਾਵਨ ਸਰੂਪਾਂ ਦੇ ਠਿਕਾਣੇ ਅਤੇ ਉਨ੍ਹਾਂ ਦੀ ਹਾਲਤ ਬਾਰੇ ਸਪਸ਼ਟ ਜਾਣਕਾਰੀ ਦੀ ਮੰਗ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ਵਰਗੀਆਂ ਘਟਨਾਵਾਂ ਨੇ ਪਹਿਲਾਂ ਹੀ ਸਿੱਖ ਕੌਮ ਨੂੰ ਡੂੰਘਾ ਜ਼ਖ਼ਮ ਦਿੱਤਾ ਹੈ, ਇਸ ਲਈ ਇਹ ਮਾਮਲਾ ਬਹੁਤ ਸੰਵੇਦਨਸ਼ੀਲ ਹੈ।
ਮਾਨ ਨੇ ਆਰੋਪ ਲਗਾਇਆ ਕਿ ਸਤਿੰਦਰ ਪਾਲ ਸਿੰਘ ਕੋਹਲੀ ਨੂੰ ਐਸਜੀਪੀਸੀ ਵੱਲੋਂ ਆਡਿਟ ਅਤੇ ਇਨਵੈਂਟਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਪਰ ਈਸ਼ਰ ਸਿੰਘ ਰਿਪੋਰਟ ਅਨੁਸਾਰ ਉਸਨੇ ਕੋਈ ਢੰਗ ਦਾ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਬਾਵਜੂਦ ਇਸਦੇ, ਕੋਹਲੀ ਨੂੰ ਵੱਡੀ ਰਕਮ ਅਦਾ ਕੀਤੀ ਗਈ, ਜੋ ਸਿੱਧੀ ਤਰ੍ਹਾਂ ਫਰੋਡ ਅਤੇ ਕ੍ਰਿਮਿਨਲ ਬਰੀਚ ਆਫ ਟਰਸਟ ਬਣਦੀ ਹੈ। ਇਮਾਨ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਕੋਹਲੀ ਦੇ ਬਾਦਲ ਪਰਿਵਾਰ ਦੀਆਂ ਨਿੱਜੀ ਕੰਪਨੀਆਂ ਨਾਲ ਨਜ਼ਦੀਕੀ ਸੰਬੰਧ ਹਨ ਅਤੇ ਉਹਨਾਂ ਦੇ ਮੀਡੀਆ ਤੇ ਕਾਰੋਬਾਰੀ ਪ੍ਰੋਜੈਕਟਾਂ ਵਿੱਚ ਵੀ ਕੰਮ ਕਰਦਾ ਰਿਹਾ ਹੈ।
ਮਾਨ ਨੇ ਮੰਗ ਕੀਤੀ ਕਿ ਇਨ੍ਹਾਂ ਸਾਰੇ ਰਿਸ਼ਤਿਆਂ ਦੀ ਨਿਰਪੱਖ ਜਾਂਚ ਹੋਵੇ ਅਤੇ ਇਸਨੂੰ ਕ੍ਰਿਮਿਨਲ ਸਾਜ਼ਿਸ਼ ਦੇ ਤੌਰ ’ਤੇ ਦੇਖਿਆ ਜਾਵੇ। ਉਨ੍ਹਾਂ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ’ਤੇ ਵੀ ਸਵਾਲ ਚੁੱਕੇ ਕਿ ਅੰਦਰੂਨੀ ਰਿਪੋਰਟਾਂ ਦੇ ਬਾਵਜੂਦ ਸਮੇਂ ਸਿਰ ਕੇਸ ਦਰਜ ਕਿਉਂ ਨਹੀਂ ਕਰਵਾਏ ਗਏ। ਮਾਨ ਨੇ ਕਿਹਾ ਕਿ ਧੋਖਾਧੜੀ, ਰਿਕਾਰਡਾਂ ਦੀ ਹੇਰਾਫੇਰੀ ਅਤੇ ਫੰਡਾਂ ਦੀ ਗਲਤ ਵਰਤੋਂ ਵਰਗੇ ਮਾਮਲੇ ਗੰਭੀਰ ਅਪਰਾਧ ਹਨ, ਜਿਨ੍ਹਾਂ ’ਚ ਰਾਜ ਦੀ ਦਖ਼ਲਅੰਦਾਜ਼ੀ ਲਾਜ਼ਮੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਸਿੱਖ ਕੌਮ ਇਕੱਠੀ ਹੋ ਕੇ 328 ਪਾਵਨ ਸਰੂਪਾਂ ਲਈ ਇਨਸਾਫ਼ ਦੀ ਮੰਗ ਕਰੇ ਅਤੇ ਸਰਕਾਰ ਪੂਰੀ ਪਾਰਦਰਸ਼ੀ ਜਾਂਚ ਯਕੀਨੀ ਬਣਾਵੇ, ਤਾਂ ਜੋ ਭਵਿੱਖ ਵਿੱਚ ਬਰਗਾੜੀ ਵਰਗੀਆਂ ਘਟਨਾਵਾਂ ਦੁਹਰਾਈਆਂ ਨਾ ਜਾ ਸਕਣ।

LEAVE A REPLY

Please enter your comment!
Please enter your name here