
ਗੁਰਦਾਸਪੁਰ ਸ਼ਹਿਰ ਅੰਦਰ ਲੁਟੇਰਿਆਂ ਦੀਆਂ ਗਤੀਵਿਧੀਆਂ ਲਗਾਤਾਰ ਰਹੀਆਂ ਨੇ। ਆਲਮ ਇਹ ਐ ਕਿ ਲੁਟੇਰੇ ਹੁਣ ਰੇਹੜੀ-ਫੜੀ ਲਾਉਣ ਵਾਲਿਆਂ ਨੂੰ ਵੀ ਨਹੀਂ ਬਖਸ਼ ਰਹੇ। ਇਸ ਦੀ ਤਾਜ਼ਾ ਉਦਾਹਰਨ ਧਾਰੀਵਾਲ ਦੀ ਨਵੀਂ ਆਬਾਦੀ ਇਲਾਕੇ ਤੋਂ ਸਾਹਮਣੇ ਆਈ ਐ, ਜਿੱਥੇ ਦੋ ਲੁਟੇਰੇ ਇਕ ਮੂੰਗਫਲੀ ਵਿਕਰੇਤਾ ਨੂੰ ਪਿਸਟਲ ਦਿਖਾ ਕੇ ਨਕਦੀ ਖੋਹ ਕੇ ਲੈ ਗਏ। ਪੀੜਤ ਦੇ ਦੱਸਣ ਮੁਤਾਬਕ ਲੁਟੇਰੇ ਨਸ਼ੇ ਦੀ ਹਾਲਤ ਵਿਚ ਸਨ ਅਤੇ ਅਫਰਾ-ਤਫਰੀ ਵਿਚ ਉਹ ਆਪਣੀ ਸਕੂਟੀ ਮੌਕੇ ਛੱਡ ਕੇ ਫਰਾਰ ਹੋ ਗਏ।
ਮੂੰਗਫਲੀ ਵੇਚਣ ਵਾਲੇ ਆਕਾਸ਼ ਦੇ ਦੱਸਣ ਮੁਤਾਬਕ ਦੋ ਨੌਜਵਾਨ ਉਸ ਦੀ ਫੜੀ ਤੇ ਸਕੂਟਰੀ ਲੈ ਕੇ ਆਏ ਜਿਨਾਂ ਨੇ ਆਪਣੇ ਮੂੰਹ ਬੰਨੇ ਹੋਏ ਸੀ। ਪਹਿਲਾਂ ਉਹ ਮੂੰਗਫਲੀ ਗਚਕ ਆਦਿ ਖਰੀਦਣ ਦਾ ਬਹਾਨਾ ਕਰਨ ਲੱਗ ਪਏ ਅਤੇ ਫਿਰ ਉਹਨਾਂ ਵਿੱਚੋਂ ਇੱਕ ਨੇ ਪਿਸਟਲ ਕੱਢ ਲਿਆ ਤੇ ਕਿਹਾ ਕਿ ਜੋ ਕੁਝ ਵੀ ਉਸ ਕੋਲ ਹੈ ਕੱਢ ਕੇ ਦੇ ਦੇਵੇ। ਪੀੜਤ ਨੇ ਬੋਰੀ ਵਿਚੋਂ ਪੈਸੇ ਕੱਢ ਕੇ ਦਿੱਤੇ ਤਾਂ ਉਹ ਬੋਰੀ ਹੀ ਖੋਹ ਕੇ ਭੱਜ ਗਏ। ਇਸੇ ਅਫਰਾ-ਤਫਰੀ ਵਿਚ ਉਹ ਸਕੂਟੀ ਮੌਕੇ ਤੇ ਛੱਡ ਕੇ ਫਰਾਰ ਹੋ ਗਏ। ਮੌਕੇ ਤੇ ਇਕੱਤਰ ਹੋਏ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਲੁਟੇਰਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ।

