
ਅੰਮ੍ਰਿਤਸਰ ਬਾਈਪਾਸ ਤੇ ਮਹਿਲਾ ਵਾਲੇ ਪੁੱਲ ਨੇੜੇ ਵਾਪਰੇ ਭਿਆਨਰ ਕਾਰ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋਣ ਅਤੇ ਇਕ ਦੇ ਗੰਭੀਰ ਜ਼ਖਮੀ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਇਹ ਕਾਰ ਪਿੰਡ ਲੋਪੋਕੇ ਵੱਲੋਂ ਆ ਰਹੀ ਸੀ ਕਿ ਮਹਿਲਾ ਵਾਲੇ ਪੁਲ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ।
ਕਾਰ ਵਿਚ ਚਾਰ ਨੌਜਵਾਨ ਸਵਾਰ ਸਨ, ਜਿਨ੍ਹਾਂ ਵਿਚੋਂ ਤਿੰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਚੌਥਾ ਨੌਜਵਾਨ ਸੰਨੀ, ਜੋ ਕਿ ਪਿੰਡ ਚੱਕ ਮਿਸ਼ਰੀ ਖਾਂ ਦਾ ਰਹਿਣ ਵਾਲਾ ਹੈ, ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ ਉਸ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਤਿੰਨ ਮ੍ਰਿਤਕ ਨੌਜਵਾਨਾਂ ਵਿਚੋਂ ਇਕ ਪਿੰਡ ਚੱਕ ਮਿਸ਼ਰੀ ਖਾਂ, ਦੂਜਾ ਪਿੰਡ ਲੋਪੋਕੇ ਅਤੇ ਤੀਜਾ ਪਿੰਡ ਬੋਪਾਰਾਏ ਬਾਜ ਕਲਾਂ ਦਾ ਰਹਿਣ ਵਾਲਾ ਦੱਸਿਆ ਗਿਆ ਹੈ।
ਇਸੇ ਦੌਰਾਨ ਮੌਕੇ ਦੀਆਂ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ। ਕਾਰ ਬੂਰੀ ਤਰ੍ਹਾਂ ਚਕਨਾਚੂਰ ਹੋ ਚੁੱਕੀ ਹੈ ਅਤੇ ਕਾਰ ਦੇ ਇੰਜਨ ਤੇ ਹੋਰ ਕਲ-ਪੁਰਜੇ ਕਾਫੀ ਦੂਰ ਤੱਕ ਖਿੱਡੇ ਪਏ ਮਿਲੇ ਹਨ। ਮੌਕੇ ਤੇ ਮੌਜੂਦ ਲੋਕਾਂ ਨੇ ਘਟਨਾ ਲਈ ਸੜਕ ਮਹਿਕਮੇ ਨੂੰ ਜ਼ਿੰਮੇਵਾਰ ਦੱਸਿਆ ਐ। ਲੋਕਾਂ ਦਾ ਕਹਿਣਾ ਐ ਕਿ ਸੜਕ ਤੇ ਮਾਰਕਿੰਗ ਜਾਂ ਲਾਈਟਾਂ ਨਹੀਂ ਸੀ ਲੱਗੀਆਂ ਹੋਈਆਂ, ਜਿਸ ਦੇ ਚਲਦਿਆਂ ਹਨੇਰਾ ਹੋਣ ਕਾਰਨ ਕਾਰ ਸਿੱਧੀ ਕੰਧ ਨਾਲ ਟਕਰਾਅ ਗਈ ਐ। ਹਾਦਸੇ ਨਾਲ ਇਲਾਕੇ ਅੰਦਰ ਸੋਗ ਦੀ ਲਹਿਰ ਐ। ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਅਗਲ ਕਾਰਵਾਈ ਸ਼ੁਰੂ ਕਰ ਦਿੱਤੀ ਐ।

