
ਅੰਮ੍ਰਿਤਸਰ ਦੀ ਇਕ ਧਰਮਸ਼ਾਲਾ ਵਿਚ ਮਹਾਰਾਸ਼ਟਰ ਤੋਂ ਆਏ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਦੀ ਖਬਰ ਐ। ਜਾਣਕਾਰੀ ਅਨੁਸਾਰ ਇਸ ਜੋੜੇ ਨੇ ਖੁਦ ਨੂੰ ਪਤੀ-ਪਤਨੀ ਦਸਦਿਆਂ ਕਮਰਿਆ ਲਿਆ ਸੀ। ਮਹਿਲਾ ਦੀ ਮ੍ਰਿਤਕ ਦੇਹ ਕਮਰੇ ਵਿਚੋਂ ਬਰਾਮਦ ਹੋਈ ਐ ਜਦਕਿ ਸ਼ਖਸ਼ ਦੀ ਲਾਸ਼ ਜੰਡਿਆਲਾ ਗੁਰੂ ਨੇੜੇ ਰੇਲਵੇ ਫਾਟਕ ਤੋਂ ਮਿਲੀ ਐ। ਸ਼ੁਰੂਆਤੀ ਜਾਂਚ ਮੁਤਾਬਕ ਸਖਸ਼ ਨੇ ਆਪਣੀ ਸਾਥਣ ਦਾ ਕਤਲ ਕਰਨ ਤੋਂ ਬਾਦ ਖੁਦਕੁਸ਼ੀ ਕੀਤੀ ਐ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਐ।
ਥਾਣਾ ਸਿਵਿਲ ਲਾਈਨ ਦੇ ਮੁਖੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਧਰਮਸ਼ਾਲਾ ਵਿੱਚ ਇੱਕ ਲੜਕੀ ਦੀ ਮੌਤ ਬਾਰੇ ਸੂਚਨਾ ਮਿਲੀ ਸੀ। ਮੌਕੇ ’ਤੇ ਪਹੁੰਚ ਕੇ ਦੇਖਿਆ ਗਿਆ ਕਿ ਲਗਭਗ 18–20 ਸਾਲ ਦੀ ਉਮਰ ਦੀ ਲੜਕੀ ਬੈੱਡ ’ਤੇ ਮ੍ਰਿਤਕ ਪਈ ਸੀ ਅਤੇ ਸ਼ੁਰੂਆਤੀ ਜਾਂਚ ਵਿੱਚ ਉਸਦੀ ਮੌਤ ਘੁੱਟਣ ਕਾਰਨ ਦੱਸੀ ਜਾ ਰਹੀ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਦੋਵੇਂ 2 ਦਸੰਬਰ ਨੂੰ ਧਰਮਸ਼ਾਲਾ ਵਿੱਚ ਰੁਕੇ ਸਨ ਅਤੇ ਆਪਣੇ ਆਪ ਨੂੰ ਪਤੀ-ਪਤਨੀ ਦੱਸ ਰਹੇ ਸਨ। ਉਹਨਾਂ ਨੇ 5 ਦਸੰਬਰ ਨੂੰ ਵਾਪਸ ਜਾਣਾ ਸੀ, ਪਰ ਟ੍ਰੇਨ ਰੱਦ ਹੋਣ ਦੀ ਦਲੀਲ ਦੇ ਕੇ ਰੁਕ ਗਏ।
ਧਰਮਸ਼ਾਲਾ ਪ੍ਰਬੰਧਕ ਨੂੰ ਲੜਕੇ ਨੇ ਕਿਹਾ ਸੀ ਕਿ ਉਹ ਸ਼ਾਮ 7 ਵਜੇ ਏਟੀਐਮ ਤੋਂ ਪੈਸੇ ਕੱਢ ਕੇ ਆ ਰਿਹਾ ਹੈ ਪਰ ਵਾਪਸ ਨਹੀਂ ਆਇਆ। ਲੰਬੇ ਸਮੇਂ ਤੱਕ ਲੜਕੇ ਦੇ ਨਾ ਆਉਣ ’ਤੇ ਧਰਮਸ਼ਾਲਾ ਪ੍ਰਬੰਧਨ ਨੇ ਕਮਰੇ ਦਾ ਦਰਵਾਜ਼ਾ ਤੋੜ ਕੇ ਦੇਖਿਆ, ਤਾਂ ਲੜਕੀ ਦੀ ਲਾਸ਼ ਬਰਾਮਦ ਹੋਈ। ਪੁਲਿਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਉਧਰ, ਅੱਜ ਸਵੇਰੇ ਜੀਆਰਪੀ ਨੇ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਟਰੈਕ ਕੋਲੋਂ ਇੱਕ ਨੌਜਵਾਨ ਦੀ ਮ੍ਰਿਤ ਲਾਸ਼ ਬਰਾਮਦ ਕੀਤੀ। ਸ਼ਨਾਖਤ ਮਗਰੋਂ ਉਹੀ ਲੜਕਾ ਨਿਕਲਿਆ ਜੋ ਧਰਮਸ਼ਾਲਾ ਵਿੱਚ ਲੜਕੀ ਨਾਲ ਰਿਹਾ ਸੀ। ਦੋਵੇਂ ਮਹਾਰਾਸ਼ਟਰ ਦੇ ਵਸਨੀਕ ਦੱਸੇ ਜਾ ਰਹੇ ਹਨ। ਪੁਲਿਸ ਨੇ ਦੋਵੇਂ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

