
ਪਟਿਆਲਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਨਵਜੋਤ ਕੌਰ ਸਿੱਧੂ ਨੇ ਆਪਣੇ ਦਿੱਤੇ ਬਿਆਨ ਬਾਰੇ ਸਪੱਸ਼ਟੀਕਰਨ ਦਿੱਤਾ ਐ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਸ ਨੇ ਸਿਰਫ ਐਨਾ ਹੀ ਕਿਹਾ ਸੀ ਕਿ ਸੀਐਮ ਬਣਨ ਲਈ 500 ਕਰੋੜ ਚਾਹੀਦੇ ਹਨ ਜੋ ਉਨ੍ਹਾਂ ਕੋਲ ਨਹੀਂ ਹਨ। ਸੁਨੀਲ ਜਾਖੜ ਦੇ ਬਿਆਨ ਬਾਰੇ ਉਨ੍ਹਾਂ ਕਿਹਾ ਕਿ ਜਿਸਦੀ ਪ੍ਰਧਾਨ ਵਜੋਂ ਕੋਈ ਵੁੱਕਤ ਨਹੀਂ ਐ, ਉਹ ਉਸ ਦਾ ਜਵਾਬ ਨਹੀਂ ਦੇਣਗੇ। ਸੁਖਜਿੰਦਰ ਰੰਧਾਵਾ ਬਾਰੇ ਉਨ੍ਹਾਂ ਕਿਹਾ ਕਿ ਉਹ ਤਾਂ ਆਪਣੀ ਘਰਵਾਲੀ ਨੂੰ ਵੀ ਜਿਤਾ ਨਹੀਂ ਸੀ ਸਕੇ।
ਸੁਖਜਿੰਦਰ ਰੰਧਾਵਾਂ ਬਾਰੇ ਆਪਣੇ ਪਹਿਲਾਂ ਲਾਏ ਇਲਜ਼ਾਮਾਂ ਨੂੰ ਮੁੜ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਦੇ ਗੈਂਗਸਟਰਾਂ ਨਾਲ ਸਬੰਧ ਹਨ ਅਤੇ ਉਹ ਟਿਕਟਾਂ ਵੇਚਣ ਵਿਚ ਵੀ ਸ਼ਾਮਲ ਸਨ। ਉਨ੍ਹਾਂ ਸੁਖਜਿੰਦਰ ਰੰਧਾਵਾਂ ਤੇ ਹੋਰ ਵੀ ਬਹੁਤ ਸਾਰੇ ਗੰਭੀਰ ਇਲਜਾਮ ਲਾਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਗੱਲਬਾਤ ਸਿੱਧੇ ਟਾਪ ਲੀਡਰਸ਼ਿਪ ਨਾਲ ਚੱਲ ਰਹੀ ਹੈ ਅਤੇ ਜਿਸ ਵਿਅਕਤੀ ਵੱਲੋਂ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਉਸ ਦਾ ਕੋਈ ਮਾਇਨਾ ਨਹੀਂ। ਇਸ ਦੌਰਾਨ ਨਵਜੌਤ ਕੌਰ ਸਿੱਧੂ ਨੇ ਐਲਾਨ ਕੀਤਾ ਕਿ ਉਹ 2027 ਦੀਆਂ ਚੋਣਾਂ ਵਿਚ ਹਰ ਹਾਲਤ ਵਿਚ ਪੰਜਾਬ ਅੰਦਰ ਸਰਕਾਰ ਬਣਾਉਣਗੇ। ਜਦੋਂ ਉਨ੍ਹਾਂ ਪੁੱਛਿਆ ਗਿਆ ਕਿ ਕੀ ਤੁਸੀਂ ਕਾਂਗਰਸ ਵਿਚ ਰਹਿ ਕੇ ਸਰਕਾਰ ਬਣਾਓਗੇ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਅਜੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ।
ਮੈਡਮ ਸਿੱਧੂ ਨੇ ਕਿਹਾ ਕਿ ਉਹ ਕੈਂਸਰ ਮੁਕਤ ਹੋਣ ਤੋਂ ਬਾਅਦ ਲਗਾਤਾਰ ਲੋਕਾਂ ਵਿਚ ਰਹਿ ਰਹੀ ਹੈ। ਇਸ ਦੌਰਾਨ ਰਾਜਾ ਵੜਿੰਗ ਨੂੰ ਨਿਸ਼ਾਨੇ ‘ਤੇ ਲੈਂਦਿਆਂ ਉਨ੍ਹਾਂ ਪੁੱਛਿਆ ਕਿ ਬੱਸ ਬਾਡੀਆਂ ਵਾਲੇ ਕੇਸ ਵਿਚ ਭਗਵੰਤ ਮਾਨ ਰਾਜਾ ਵੜਿੰਗ ਦਾ ਬਚਾਅ ਕਿਉਂ ਕਰ ਰਹੇ ਹਨ। ਸਿੱਧੂ ਦੇ ਸਰਗਰਮ ਰਾਜਨੀਤੀ ਵਿਚ ਆਉਣ ਵਾਲੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਡੇਢ ਸਾਲ ਤੱਕ ਮਿੰਨਤਾਂ ਕੀਤੀਆਂ, ਪਰ ਨਵਜੋਤ ਸਿੰਘ ਸਿੱਧੂ ਨਹੀਂ ਮੰਨੇ। ਸਿੱਧੂ ਨੂੰ ਮੁੱਖ ਮੰਤਰੀ ਬਣਨ ਦਾ ਕੋਈ ਸ਼ੌਂਕ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਦੀ 70 ਫ਼ੀਸਦੀ ਲੀਡਰਸ਼ਿਪ, ਜਿੱਤਣ ਵਾਲੇ ਵਿਧਾਇਕ ਅਤੇ ਵਰਕਰ ਉਨ੍ਹਾਂ ਦੇ ਨਾਲ ਹਨ। ਮੈਡਮ ਸਿੱਧੂ ਨੇ ਕਿਹਾ ਕਿ ਨੋਟਿਸਾਂ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ। “ਰਾਣਾ ਗੁਰਜੀਤ ਨੂੰ ਵੀ ਅਜਿਹੇ ਨੋਟਿਸ ਮਿਲੇ ਹਨ ਤੇ ਸੁੱਖੀ ਰੰਧਾਵਾ ਨੇ ਤਾਂ ਰਾਜਸਥਾਨ ਵਿਚ ਪੈਸੇ ਲੈ ਕੇ ਟਿਕਟਾਂ ਵੰਡੀਆਂ ਹਨ।
ਦੱਸਣਯੋਗ ਐ ਕਿ ਸਾਂਸਦ ਸੁਖਜਿੰਦਰ ਰੰਧਾਵਾ ਨੇ ਗੈਂਗਸਟਰਾਂ ਨਾਲ ਸਬੰਧ ਤੇ ਟਿਕਟਾਂ ਲਈ ਪੈਸੇ ਲੈਣ ਦੇ ਲਾਏ ਇਲਜ਼ਾਮਾਂ ਬਦਲੇ ਡਾ. ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ। ਰੰਧਾਵਾ ਨੇ ਇੱਕ ਕਾਨੂੰਨੀ ਨੋਟਿਸ ਜਾਰੀ ਕਰਕੇ ਸੱਤ ਦਿਨਾਂ ਦੇ ਅੰਦਰ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ ਨਹੀਂ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ। ਇਸੇ ਦਾ ਜਵਾਬ ਦਿੰਦਿਆਂ ਡਾ. ਨਵਜੋਤ ਕੌਰ ਨੇ ਕਿਹਾ ਕਿ ਸੁਖਜਿੰਦਰ ਰੰਧਾਵਾ ਬਾਰੇ ਉਸ ਕੋਲ ਪੁਖਤਾ ਸਬੂਤ ਹਨ ਅਤੇ ਜੇਕਰ ਉਹ ਨੋਟਿਸ ਭੇਜਦੇ ਹਨ ਤਾਂ ਉਹ ਸਾਰੇ ਸਬੂਤ ਜੱਗ ਜਾਹਰ ਕਰ ਦੇਣਗੇ। ਉਨ੍ਹਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਦੇ ਗੈਂਗਸਟਰਾਂ ਨਾਲ ਸਬੰਧ ਹਨ। ਉਨ੍ਹਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਆਪਣੀ ਪਤਨੀ ਨੂੰ ਤਾਂ ਜਿੱਤਾ ਨਹੀਂ ਸਕੇ, ਪੰਜਾਬ ਦਾ ਕੀ ਸੰਵਾਰ ਦੇਣਗੇ।

