ਐਸਜੀਪੀਸੀ ਨੇ ਵੀਰ ਬਾਲ ਦਿਵਸ ਦਾ ਨਾਮ ਬਦਲਣ ਦੀ ਮੰਗ ਦੁਹਰਾਈ; ਸਿੱਖ ਸਾਂਸਦਾਂ ਵੱਲ ਲਿਖਿਆ ਪੱਤਰ; ਨਾਮ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਰੱਖਣ ਦੀ ਮੰਗ

0
39

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਵਸ ਮੌਕੇ ਮਨਾਏ ਜਾਣ ਵਾਲੇ ਬਾਲ ਵੀਰ ਦਿਵਸ ਦਾ ਨਾਮ ਬਦਲ ਕੇ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਰੱਖਣ ਦੀ ਮੰਗ ਦੁਹਰਾਈ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਇਸ ਬਾਰੇ ਸਾਰੇ ਸਿੱਖ ਮੈਂਬਰ ਪਾਰਲੀਮੈਂਟਾਂ ਵੱਲ ਪੱਤਰ ਲਿਖਿਆ ਐ।   ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜਥੇਦਾਰ ਦੇ ਇਸ ਮੰਗ ਨਾਲ ਪੂਰੀ ਤਰ੍ਹਾਂ ਸਹਿਮਤ ਐ ਤੇ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਵੀ ਇਸ ਗੱਲ ਤੇ ਸਹਿਮਤੀ ਤੇ ਸਹਿਯੋਗ ਦੇਣ ਦੀ ਅਪੀਲ ਕਰਦੀ ਐ।

ਦੱਸਣਯੋਗ ਐ ਕਿ ਕੇਂਦਰ ਸਰਕਾਰ ਵੱਲੋਂ 2022 ਵਿਚ ਸ਼ੁਰੂ ਕੀਤੇ ਵੀਰ ਬਾਲ ਦਿਵਸ ਦੇ ਨਾਮ ਨੂੰ ਲੈ ਕੇ ਸ਼ੁਰੂ ਤੋਂ ਹੀ ਵਿਵਾਦ ਰਿਹਾ ਐ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਵੀਰ ਬਾਲ ਦਿਵਸ ਦਾ ਨਾਮ ਬਦਲਣ ਦੀ ਮੰਗ ਕੀਤੀ ਸੀ। ਹੁਣ ਮੌਜੂਦਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਹੁਕਮਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਕੱਤਰ ਨੇ ਇਹ ਵਿਸ਼ੇਸ਼ ਪੱਤਰ ਦੇਸ਼ ਦੇ ਸਾਰੇ ਸਿੱਖ ਸੰਸਦ ਮੈਂਬਰਾਂ ਨੂੰ ਭੇਜਿਆ ਹੈ।

ਪੱਤਰ ‘ਚ ਕਿਹਾ ਗਿਆ ਹੈ ਕਿ ਸਿੱਖ ਸਮਾਜ ਨੇ ਸਾਲ 2022 ਤੋਂ ਲਗਾਤਾਰ ਕੇਂਦਰ ਸਰਕਾਰ ਵੱਲੋਂ ਰੱਖੇ ਗਏ ਨਾਮ ‘ਵੀਰ ਬਾਲ ਦਿਵਸ‘ ਤੇ ਇਤਰਾਜ਼ ਜਤਾਇਆ ਹੈ। ਇਸ ਸਬੰਧੀ ਸੰਗਤ ਵੱਲੋਂ ਵੀ ਅਕਾਲ ਤਖ਼ਤ ਸਾਹਿਬ ਵਿਖੇ ਵੱਡੀ ਗਿਣਤੀ ‘ਚ ਪੱਤਰ ਭੇਜੇ ਜਾਂਦੇ ਨੇ  ਜਿਨ੍ਹਾਂ ‘ਚ ਸਰਕਾਰ ਵੱਲੋਂ ਰੱਖੇ ਗਏ ਨਾਮ ‘ਤੇ ਇਤਰਾਜ਼ ਜਤਾਇਆ ਗਿਆ ਹੈ। ਸਿੱਖ ਭਾਵਨਾਵਾਂ ਨੂੰ ਧਿਆਨ ‘ਚ ਰੱਖਦੇ ਹੋਏ ਇਸ ਦਿਵਸ ਦਾ ਨਾਮ ‘ਸਾਹਿਬਜ਼ਾਦੇ ਸ਼ਹਾਦਤ ਦਿਵਸ‘ ਰੱਖਿਆ ਜਾਣਾ ਚਾਹੀਦਾ ਐ।

ਇਹ ਪੱਤਰ ਲੋਕ ਸਭਾ ਤੇ ਰਾਜ ਸਭਾ ਦੇ ਕੁੱਲ 14 ਸਿੱਖ ਸੰਸਦ ਮੈਂਬਰਾਂ ਨੂੰ ਭੇਜਿਆ ਗਿਆ ਹੈ ਜਿਨ੍ਹਾਂ ਵਿਚ ਡਾ. ਅਮਰ ਸਿੰਘ (ਫਤਿਹਗੜ੍ਹ ਸਾਹਿਬ), ਗੁਰਜੀਤ ਸਿੰਘ ਔਜਲਾ (ਅੰਮ੍ਰਿਤਸਰ), ਸਖਜਿੰਦਰ ਸਿੰਘ ਰੰਧਾਵਾ (ਗੁਰਦਾਸਪੁਰ), ਹਰਸਿਮਰਤ ਕੌਰ ਬਾਦਲ (ਬਠਿੰਡਾ), ਮਲਵਿੰਦਰ ਸਿੰਘ ਕੰਗ ( ਸ੍ਰੀ ਅਨੰਦਪੁਰ ਸਾਹਿਬ), ਹਰਭਜਨ ਸਿੰਘ (ਰਾਜ ਸਭਾ ਮੈਂਬਰ), ਹਰਦੀਪ ਸਿੰਘ ਪੂਰੀ (ਕੇਂਦਰੀ ਮੰਤਰੀ) ਸਮੇਤ ਹੋਰ ਸਿੱਖ ਸੰਸਦ ਮੈਂਬਰਾਂ ਨੂੰ ਇਹ ਪੱਤਰ ਭੇਜਿਆ ਗਿਆ ਐ।

LEAVE A REPLY

Please enter your comment!
Please enter your name here