
ਪੰਜਾਬ ਸਰਕਾਰ ਵੱਲੋਂ ਨਾਜਾਇਜ਼ ਮਾਇਨਿੰਗ ਦੇ ਪੂਰੀ ਤਰ੍ਹਾਂ ਨਕੇਲ ਕੱਸਣ ਦੇ ਦਾਅਵੇ ਕੀਤਾ ਜਾ ਰਹੇ ਨੇ ਪਰ ਪੰਜਾਬ ਦੇ ਕੁੱਝ ਹਿੱਸਿਆਂ ਵਿਚੋਂ ਸਾਹਮਣੇ ਆਈਆਂ ਤਸਵੀਰਾਂ ਕੁੱਝ ਹੋਰ ਹੀ ਕਹਾਣੀ ਬਿਆਨ ਕਰ ਰਹੀਆਂ ਨੇ। ਅਜਿਹੀਆਂ ਹੀ ਤਸਵੀਰਾਂ ਹੁਸ਼ਿਆਰਪੁਰ ਦੇ ਪਿੰਡ ਨਾਰਾ ਡਾਡਾ ਤੇ ਬਜਵਾੜਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਸ਼ਰੇਆਮ ਮਾਇਨਿੰਗ ਹੋ ਰਹੀ ਐ। ਇਸ ਬਾਰੇ ਪੁੱਛੇ ਜਾਣ ਤੇ ਪੁਲਿਸ ਤੇ ਮਾਇਨਿੰਗ ਅਧਿਕਾਰੀ ਗੋਲ ਮੋਲ ਜਵਾਬ ਦੇਂਦੇ ਨਜ਼ਰ ਆਏ ਜਦਕਿ ਸਥਾਨਕ ਵਾਸੀਆਂ ਨੇ ਸ਼ਰੇਆਮ ਮਾਇਨਿੰਗ ਦੇ ਇਲਜਾਮ ਲਾਏ ਨੇ।
ਇਸ ਸਬੰਧੀ ਜਦੋਂ ਥਾਣਾ ਸਦਰ ਐਸਐਚਓ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਕੋਲ ਕੋਈ ਕੰਪਲੇਂਟ ਨਹੀਂ ਆਈ ਅਤੇ ਜੇਕਰ ਉਹ ਰੇਡ ਕਰਨ ਜਾਂਦੇ ਵੀ ਹਨ ਤਾਂ ਉਹਨਾਂ ਨੂੰ ਮੌਕੇ ਤੇ ਕੁਝ ਨਹੀਂ ਮਿਲਦਾ। ਇਸ ਸਬੰਧੀ ਜਦੋਂ ਮਾਈਨਿੰਗ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਸ ਦਾ ਕਹਿਣਾ ਸੀ ਕਿ ਉਹ ਪੁਲਿਸ ਨੂੰ ਨਾਲ ਲੈ ਕੇ ਸਮੇਂ ਸਮੇਂ ਰੇਤੇ ਦੀਆਂ ਸਾਈਟਾਂ ਉੱਤੇ ਜਾ ਕੇ ਰੇਡ ਕਰਦੇ ਹਨ ਪਰ ਲੋਕਾਂ ਕੋਲ ਮਿੱਟੀ ਦੀ ਪਰਮਿਸ਼ਨ ਹੁੰਦੀ ਹੈ, ਜਿਸ ਕਾਰਨ ਉਹ ਕਾਰਵਾਈ ਕਰਨ ਤੋਂ ਅਸਮਰੱਥ ਹੁੰਦੇ ਨੇ।
ਉਧਰ ਸਥਾਨਕ ਵਾਸੀਆਂ ਦਾ ਕਹਿਣਾ ਐ ਕਿ ਕੁੱਝ ਲੋਕ ਮਿੱਟੀ ਦੀ ਆੜ ਵਿੱਚ ਰੇਤੇ ਦੀ ਮਾਈਨਿੰਗ ਕਰਦੇ ਹਨ। ਇਹ ਲੋਕ ਵੱਡੇ ਵੱਡੇ ਟਿੱਪਰ ਤੇ ਟਰਾਲੀਆਂ ਲੈ ਕੇ ਪਿੰਡਾਂ ਵਿਚੋਂ ਲੰਘਦੇ ਹਨ। ਉਨ੍ਹਾਂ ਕਿਹਾ ਕਿ ਉਹ ਪੁਲਿਸ ਅਤੇ ਮਾਈਨਿੰਗ ਵਿਭਾਗ ਕੋਲ ਕਈ ਵਾਰ ਸ਼ਿਕਾਇਤਾਂ ਕਰ ਚੁੱਕੇ ਹਨ। ਇੱਥੋਂ ਤਕ ਕਿ ਡੀਸੀ ਹੁਸ਼ਿਆਰਪੁਰ ਤਕ ਵੀ ਪਹੁੰਚ ਕੀਤੀ ਗਈ ਸੀ ਪਰ ਕੋਈ ਸੁਣਵਾਈ ਨਹੀਂ ਹੋਈ। ਲੋਕਾਂ ਨੇ ਪ੍ਰਸ਼ਾਸਨ ਤੋਂ ਇਲਾਕੇ ਵਿਚੋਂ ਨਾਜਾਇਜ਼ ਮਾਇਨਿੰਗ ਤੇ ਨਕੇਲ ਕੱਸਣ ਦੀ ਮੰਗ ਕੀਤੀ ਐ।

