ਅਜੀਤ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਵੱਡੀ ਰਾਹਤ; ਸਮਾਪਤ ਹੋਵੇਗਾ ਜੰਗ-ਏ-ਆਜ਼ਾਦੀ ਮੈਮੋਰੀਅਲ ਘੁਟਾਲਾ ਮਾਮਲਾ; ਕੈਂਸਲੇਸ਼ਨ ਰਿਪੋਰਟ ਦਾਖਲ ਕਰੇਗੀ ਸਰਕਾਰ

0
101

ਰੋਜ਼ਾਨਾ ਅਜੀਤ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਜੰਗੇ-ਏ-ਆਜ਼ਾਦੀ ਮੈਮੋਰੀਅਲ ਕਥਿਤ ਘੁਟਾਲਾ ਮਾਮਲੇ ਵਿਚ ਵੱਡੀ ਰਾਹਤ ਮਿਲੀ ਐ। ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿਚ ਹਾਈਕੋਰਟ ਵਿਚ ਕੈਂਸਲੇਸ਼ਨ ਰਿਪੋਰਟ ਦਾਖਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਐ। ਸਰਕਾਰ ਨੇ ਇਸ ਦੀ ਜਾਣਕਾਰੀ ਹਾਈਕੋਰਟ ਵਿਚ ਦਿੱਤੀ ਐ, ਜਿਸ ਤੋਂ ਬਾਅਦ ਅਦਾਲਤ ਨੇ ਇਸ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ।
ਦਰਅਸਲ ਬਰਜਿੰਦਰ ਸਿੰਘ ਹਮਦਰਦ ਵਲੋਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ ਵਿੱਚ ਹਮਦਰਦ ਨੇ ਜੰਗ-ਏ-ਆਜ਼ਾਦੀ ਯਾਦਗਾਰ ਦੀ ਚੱਲ ਰਹੀ ਜਾਂਚ ਨੂੰ ਰੋਕਣ ਦਾ ਜ਼ਿਕਰ ਕੀਤਾ ਸੀ। ਇਸਦੇ ਨਾਲ ਹੀ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ। ਪਟੀਸ਼ਨ ਵਿੱਚ ਸੂਬਾ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਰਟੀ ਬਣਾਇਆ ਗਿਆ ਸੀ। ਹਮਦਰਦ ਵਲੋਂ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਸਰਕਾਰ ਵਲੋਂ ਉਨ੍ਹਾਂ ਨੂੰ ਨਿਸ਼ਾਨਾਂ ਬਣਾਉਣ ਦੇ ਇਲ਼ਜਾਮ ਵੀ ਲਗਾਏ ਸਨ। ਹੁਣ ਸਰਕਾਰ ਨੇ ਹਾਈ ਕੋਰਟ ਸਾਹਮਣੇ ਇਸ ਮਾਮਲੇ ਵਿਚ ਕੈਂਸਲੇਸ਼ਨ ਰਿਪੋਰਟ ਦਾਖਲ ਕਰਨ ਦੀ ਇੱਛਾ ਜਾਹਰ ਕੀਤੀ ਐ, ਜਿਸ ਤੋਂ ਬਾਅਦ ਅਦਾਲਤ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਐ।
ਦੱਸਣਯੋਗ ਹੈ ਕਿ ਅਜੀਤ ਗਰੁੱਪ ਦੇ ਮੈਨੇਜਿੰਗ ਐਡੀਟਰ ਡਾ: ਬਰਜਿੰਦਰ ਸਿੰਘ ਹਮਦਰਦ ਇਕ ਪੰਜਾਬ ਦੀ ਬਹੁਤ ਸਤਿਕਾਰਤ ਮੀਡੀਆ ਸ਼ਖ਼ਸੀਅਤ ਹਨ, ਜਿਨ੍ਹਾਂ ਨੂੰ ਪਦਮ ਭੂਸ਼ਨ ਨਾਲ ਵੀ ਸਨਮਾਨਿਆ ਜਾ ਚੁੱਕਾ ਐ। ਉਨ੍ਹਾਂ ਨੂੰ ਇਸ ਮਾਮਲੇ ਵਿਚ ਤਲਬ ਕਰਨ ਨੂੰ ਲੈ ਕੇ ਕਾਫੀ ਸਿਆਸੀ ਬਵਾਲ ਵੀ ਹੋਇਆ ਸੀ। ਵਿਰੋਧੀ ਧਿਰਾਂ ਵੱਲੋਂ ਇਸ ਨੂੰ ਮੀਡੀਆ ਦੀ ਆਜ਼ਾਦੀ ਤੇ ਹਮਲਾ ਕਹਿ ਕੇ ਭੰਡਿਆ ਸੀ। ਹੁਣ ਸਰਕਾਰ ਵੱਲੋਂ ਇਸ ਮਾਮਲੇ ਵਿਚ ਕੈਂਸਲੇਸ਼ਨ ਰਿਪੋਰਟ ਦਾਖਲ ਕਰਨ ਦੀ ਤਿਆਰੀ ਤੋਂ ਬਾਅਦ ਇਸ ਮਾਮਲੇ ਦੇ ਖਤਮ ਹੋਣ ਦੇ ਆਸਾਰ ਬਣ ਗਏ ਨੇ।
ਡਾ. ਬਰਜਿੰਦਰ ਸਿੰਘ ਹਮਦਰਦ ਆਪਣੇ ਪਿਤਾ ਸਾਧੂ ਸਿੰਘ ਹਮਦਰਦ ਵਾਂਗ ਇਕ ਅਤੀ ਸਫਲ ਸੰਪਾਦਕ ਸਾਬਤ ਹੋਏ ਹਨ। 1984 ਵਿਚ ਡਾ. ਸਾਧੂ ਸਿੰਘ ਹਮਦਰਦ ਦੇ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਮੌਢਿਆਂ ਤੇ ‘ਅਜੀਤ’ ਅਖ਼ਬਾਰ ਨੂੰ ਅੱਗੇ ਤੋਰਨ ਦੀ ਜ਼ਿੰਮੇਵਾਰੀ ਪਈ। ਉਨ੍ਹਾਂ ਨੇ ਆਪਣੇ ਪਿਤਾ ਦੇ ਵਿਰਸੇ ਨੂੰ ਅੱਗੇ ਲਿਜਾਣ ਲਈ ਦਿਨ-ਰਾਤ ਇਕ ਕਰ ਦਿੱਤਾ। ਇਨ੍ਹਾਂ ਦੀ ਸੰਪਾਦਕੀ ਨੇ ‘ਅਜੀਤ’ ਨੂੰ ਇਕ ਨਵਾਂ ਮੋੜ ਦਿੱਤਾ। ਇਨ੍ਹਾਂ ਦੀ ਲਗਨ, ਘਾਲਣਾ ਅਤੇ ਸਿਦਕ ਸਦਕਾ ‘ਅਜੀਤ’ ਅਖ਼ਬਾਰ ਨੇ ਨਵੀਆਂ ਬੁਲੰਦੀਆਂ ਛੋਹ ਲਈਆਂ ਅਤੇ ਅੱਜ ਇਹ ਪੰਜਾਬੀ ਦਾ ਨੰਬਰ ਇਕ ਅਖ਼ਬਾਰ ਬਣ ਗਿਆ ਐ, ਜਿਸ ਦੇ ਦੇਸ਼-ਵਿਦੇਸ਼ ਵਿਚ ਲੱਖਾ ਪਾਠਕ ਨੇ।

LEAVE A REPLY

Please enter your comment!
Please enter your name here