
ਮਾਨਸਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਾ ਹੋਣ ਦੇ ਕਾਰਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਡੀਸੀ ਦਫਤਰ ਅੱਗੇ ਧਰਨਾ ਲਾ ਕੇ ਪ੍ਰਦਰਸ਼ਨ ਕੀਤਾ। ਕਿਸਾਨ ਆਗੂਆਂ ਦਾ ਇਲਜਾਮ ਐ ਕਿ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸ਼ੈਲਰ ਮਾਲਕਾਂ ਨੇ ਬਾਹਰੋਂ ਝੋਨਾ ਮੰਗਵਾ ਕੇ ਸ਼ੈਲਰਾਂ ਵਿੱਚ ਜਮਾ ਕਰ ਲਿਆ ਹੈ ਪਰ ਸਥਾਨਕ ਕਿਸਾਨਾਂ ਦਾ ਝੋਨਾ ਮੰਡੀਆਂ ਵਿਚ ਰੁਲ ਰਿਹਾ ਐ। ਕਿਸਾਨਾਂ ਨੇ ਮਸਲਾ ਹੱਲ ਨਾ ਹੋਣ ਤੇ ਵੱਡਾ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਐ।
ਧਰਨੇ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੀਆਂ ਕਈ ਮੰਡੀਆਂ ਦੇ ਵਿੱਚ ਅਜੇ ਵੀ ਝੋਨਾ ਪਿਆ ਹੈ ਅਤੇ ਕਈ ਪਿੰਡਾਂ ਦੇ ਵਿੱਚ ਝੋਨੇ ਦੀ ਕਟਾਈ ਹੋਣੀ ਬਾਕੀ ਹੈ ਜਦੋਂ ਕਿ ਕਿਸਾਨਾਂ ਦਾ ਮੰਡੀਆਂ ਦੇ ਵਿੱਚ ਪਿਆ ਝੋਨਾ ਖਰੀਦਿਆ ਨਹੀਂ ਜਾ ਰਿਹਾ। ਉਹਨਾਂ ਵੱਲੋਂ ਪਿਛਲੇ ਦਿਨੀ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਗਿਆ ਸੀ ਅਤੇ ਪ੍ਰਸ਼ਾਸਨ ਨੇ ਵਿਸ਼ਵਾਸ ਦਿੱਤਾ ਸੀ ਕਿ ਸੋਮਵਾਰ ਤੱਕ ਝੋਨਾ ਚੱਕ ਲਿਆ ਜਾਵੇਗਾ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ ਅਤੇ ਅੱਜ ਉਹਨਾਂ ਨੂੰਤਿ ਵਜਦੇ ਤੱਕ ਦਾ ਸਮਾਂ ਦਿੱਤਾ ਹੈ।
ਉਹਨਾਂ ਕਿਹਾ ਕਿ ਜਦੋਂ ਤੱਕ ਮੰਡੀਆਂ ਦੇ ਵਿੱਚੋਂ ਝੋਨਾ ਨਹੀਂ ਚੱਕਿਆ ਜਾਂਦਾ ਉਹ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਜਾਰੀ ਰੱਖਣਗੇ। ਉਹਨਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਅਤੇ ਸੈਲਰ ਮਾਲਕਾਂ ਵੱਲੋਂ ਮਿਲ ਕੇ ਬਾਹਰੋਂ ਝੋਨਾ ਲਿਆ ਕੇ ਸੈਲਰਾਂ ਦੇ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਕਿਸਾਨਾਂ ਦਾ ਝੋਨਾ ਖਰੀਦਿਆ ਨਹੀਂ ਜਾ ਰਿਹਾ. ਉਹਨਾਂ ਕਿਹਾ ਕਿ ਜਿਲੇ ਦੇ ਸਾਰੇ ਹੀ ਸੈਲਰਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਕਿ ਉਹਨਾਂ ਕੋਲ ਇੰਨੀ ਜਿਆਦਾ ਮਾਤਰਾ ਦੇ ਵਿੱਚ ਝੋਨਾ ਕਿੱਥੋਂ ਆਇਆ ਹੈ। ਉਹਨਾਂ ਕਿਹਾ ਕਿ ਜੇਕਰ ਇਹਨਾਂ ਮੰਡੀਆਂ ਦੇ ਵਿੱਚੋਂ ਜਲਦ ਹੀ ਝੋਨਾ ਨਾ ਚੁੱਕਿਆ ਗਿਆ ਤਾਂ ਕਿਸਾਨਾਂ ਵੱਲੋਂ ਅਣਮਿਥੇ ਸਮੇਂ ਦੇ ਲਈ ਧਰਨਾ ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ।

