
ਲੁਧਿਆਣਾ ਦੇ ਲਾਡੋਵਾਲ ਟੌਲ ਪਲਾਜਾ ਤੇ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਥੇ ਲੱਗੇ ਲੰਮੇ ਜਾਮ ਨੂੰ ਲੈ ਕੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਟੋਲ ਅਧਿਕਾਰੀ ਆਹਮੋ ਸਾਹਮਣੇ ਹੋ ਗਏ। ਸਾਬਕਾ ਵਿਧਾਇਕ ਨੇ ਤਿੰਨ ਮਿੰਟ ਤੋਂ ਵੱਧ ਜਾਮ ਨਾ ਲੱਗਣ ਦੇਣ ਵਾਲੇ ਕਾਨੂੰਨ ਦਾ ਹਵਾਲਾ ਦਿੰਦਿਆਂ ਟੋਲ ਅਧਿਕਾਰੀ ਦੀ ਕਲਾਸ ਲਾਉਂਦਿਆਂ ਬੈਰੀਕੇਡ ਹਟਾ ਕੇ ਜਾਮ ਖੁਲਵਾ ਦਿੱਤਾ। ਦਰਅਸਲ ਸਾਬਕਾ ਵਿਧਾਇਕ ਜਲੰਧਰ ਤੋਂ ਵਾਪਸ ਆਉਂਦਿਆਂ ਜਾਮ ਵਿਚ ਫੱਸ ਗਏ ਸਨ। ਕਰੀਬ ਅੱਧੇ ਘੰਟੇ ਦੀ ਉਡੀਕ ਤੋਂ ਬਾਅਦ ਉਨ੍ਹਾਂ ਨੇ ਟੋਲ ਪਲਾਜਾ ’ਤੇ ਪਹੁੰਚ ਕੇ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ।
ਦੱਸਣਯੋਗ ਐ ਕਿ ਦੇਸ਼ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ‘ਤੇ ਅਕਸਰ ਹੀ ਟਰੈਫਿਕ ਜਾਮ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਅੱਜ ਸਾਬਕਾ ਵਿਧਾਇਕ ਜਲੰਧਰ ਵੱਲੋਂ ਵਾਪਸ ਪਰਤ ਰਹੇ ਸਨ ਕਿ ਉਨ੍ਹਾਂ ਦੀ ਗੱਡੀ ਟਰੈਫਿਕ ਵਿਚ ਫੱਸ ਗਈ। ਕਰੀਬ ਅੱਧਾ ਘੰਟਾ ਉਡੀਕ ਕਰਨ ਤੋਂ ਬਾਅਦ ਉਹ ਫਿਲੋਰ ਤੋਂ ਗਲਤ ਪਾਸਿਓ ਹੁੰਦੇ ਹੋਏ ਲਾਡੋਵਾਲ ਟੋਲ ਪਲਾਜ਼ਾ ‘ਤੇ ਪਹੁੰਚੇ। ਇਸ ਤੋਂ ਬਾਅਦ, ਸਾਬਕਾ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਟੋਲ ਮੈਨੇਜਰ ਵਿਪਿਨ ਰਾਏ ਨਾਲ ਟ੍ਰੈਫਿਕ ਜਾਮ ਬਾਰੇ ਗੱਲ ਕੀਤੀ। ਇੰਨਾ ਹੀ ਨਹੀਂ, ਸਾਬਕਾ ਵਿਧਾਇਕ ਬੈਂਸ ਨੇ ਟੋਲ ਮੈਨੇਜਰ ਨੂੰ ਨੈਸ਼ਨਲ ਹਾਈਵੇ ਅਥਾਰਟੀ ਤਿੰਨ ਮਿੰਟ ਤੋਂ ਰੁਕਣ ਤੇ ਟੋਲ ਨਾ ਕੱਟੇ ਜਾਣ ਵਾਲੇ ਕਾਨੂੰਨ ਬਾਰੇ ਚਰਚਾ ਕੀਤੀ। ਇਸ ਤੋਂ ਬਾਅਦ ਸਾਬਕਾ ਵਿਧਾਇਕ ਨੇ ਗੱਡੀ ਤੋਂ ਬਾਹਰ ਆ ਕੇ ਟੋਲ ਪਲਾਜ਼ਾ ‘ਤੇ ਬੈਰੀਕੇਡ ਹਟਾ ਕੇ ਟ੍ਰੈਫਿਕ ਚਾਲੂ ਕਰ ਦਿੱਤਾ।
ਸਾਬਕਾ ਵਿਧਾਇਕ ਬੈਂਸ ਨੇ ਟੋਲ ਪਲਾਜ਼ਾ ਕਰਮਚਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਡਰਾਈਵਰਾਂ ਨੂੰ ਪਰੇਸ਼ਾਨ ਕਰਦੇ ਰਹੇ ਤਾਂ ਉਹ ਟੋਲ ਪਲਾਜ਼ਾ ‘ਤੇ ਇੱਕ ਸਥਾਈ ਧਰਨਾ ਲਗਾ ਦੇਣਗੇ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਦੇ ਨਿਯਮਾਂ ਅਨੁਸਾਰ ਜੇ ਕਿਸੇ ਵਾਹਨ ਨੂੰ ਪਾਸਿੰਗ ਦੌਰਾਨ ਤਿੰਨ ਮਿੰਟ ਤੋਂ ਜ਼ਿਆਦਾ ਸਮਾਂ ਲੱਗਦਾ ਹੈ ਤਾਂ ਟੋਲ ਫੀਸ ਦਾ ਭੁਗਤਾਨ ਕੀਤੇ ਬਿਨਾਂ ਲੰਘਣ ਦੀ ਇਜਾਜ਼ਤ ਹੈ। ਜਦਕਿ ਲਾਡੋਵਾਲ ਟੋਲ ਪਲਾਜ਼ਾ ‘ਤੇ ਡਰਾਈਵਰਾਂ ਨੂੰ ਘੰਟਿਆਂਬੱਧੀ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਹ ਖੁਦ ਗੁਰਾਇਆ ਤੋਂ ਇਸ ਟ੍ਰੈਫਿਕ ਜਾਮ ਵਿੱਚ ਫਸੇ ਹੋਏ ਸਨ, ਜਿਸ ਕਾਰਨ ਉਨ੍ਹਾਂ ਨੂੰ ਟੋਲ ਤੱਕ ਪਹੁੰਚਣ ਲਈ ਆਪਣੀ ਗੱਡੀ ਗਲਤ ਪਾਸੇ ਲੈ ਕੇ ਜਾਣਾ ਪਿਆ। ਟੋਲ ਪਲਾਜ਼ਾ ਮੈਨੇਜਰ ਵਿਪਿਨ ਰਾਏ ਨੇ ਸਫਾਈ ਦਿੰਦਿਆਂ ਕਿਹਾ ਕਿ ਟੋਲ ਪਲਾਜ਼ਾ ਦੀ ਕੋਈ ਗਲਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਨੀਵਾਰ ਅਤੇ ਐਤਵਾਰ ਛੁੱਟੀਆਂ ਹੋਣ ਕਾਰਨ ਟੋਲ ਪਲਾਜ਼ਾ ‘ਤੇ ਵਾਹਨਾਂ ਦੀ ਆਵਾਜਾਈ ਆਮ ਦਿਨਾਂ ਨਾਲੋਂ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਕਈ ਵਾਰ ਟੋਲ ‘ਤੇ ਟ੍ਰੈਫਿਕ ਜਾਮ ਹੁੰਦਾ ਹੈ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ।

