
ਅੰਮ੍ਰਿਤਸਰ ਪੁਲਿਸ ਨੇ ਇਕ ਅੰਤਰ-ਰਾਜੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਐ। ਪੁਲਿਸ ਨੇ ਗਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜੇ ਵਿਚੋਂ 7 ਆਧੁਨਿਕ ਪਿਸਤੌਲ ਬਰਾਮਦ ਕੀਤੇ ਨੇ। ਇਸ ਦੇ ਤਾਰ ਪਾਕਿਸਤਾਨ ਅਧਾਰਤ ਹੈਂਡਲਰ ਨਾਲ ਜੁੜੇ ਹੋਏ ਸਨ ਅਤੇ ਗੁਆਢੀ ਮੁਲਕ ਤੋਂ ਡਰੋਨ ਰਸਤੇ ਹਥਿਆਰ ਮੰਗਵਾ ਕੇ ਅੱਗੇ ਸਪਲਾਈ ਕਰਦਾ ਸੀ। ਫੜੇ ਗਏ ਹਥਿਆਰ ਵੀ ਡਰੋਨ ਰਾਹੀਂ ਮੰਗਵਾਏ ਗਏ ਸੀ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਸੱਤ ਆਧੁਨਿਕ ਪਿਸਤੌਲ ਬਰਾਮਦ ਕੀਤੇ ਹਨ। ਇਹ ਗ੍ਰਿਫ਼ਤਾਰੀਆਂ ਸਰਹੱਦ ਪਾਰੋਂ ਆ ਰਹੀ ਗੈਰਕਾਨੂੰਨੀ ਗਤੀਵਿਧੀ ’ਤੇ ਵੱਡਾ ਝਟਕਾ ਮੰਨੀ ਜਾ ਰਹੀਆਂ ਹਨ।
ਮੁੱਢਲੀ ਜਾਂਚ ਦੌਰਾਨ ਇਹ ਮਹੱਤਵਪੂਰਨ ਖੁਲਾਸਾ ਸਾਹਮਣੇ ਆਇਆ ਹੈ ਕਿ ਦੋਸ਼ੀ ਲੰਮੇ ਸਮੇਂ ਤੋਂ ਪਾਕਿਸਤਾਨ ਵਿੱਚ ਬੈਠੇ ਹੈਂਡਲਰ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ। ਉਨ੍ਹਾਂ ਨੂੰ ਹਥਿਆਰਾਂ ਦੀ ਡਿਲਿਵਰੀ ਅਤੇ ਪਿਕਅਪ ਪੌਇੰਟ ਨਿਰਧਾਰਿਤ ਕਰਨ ਲਈ ਵਟਸਐਪ ਰਾਹੀਂ ਸੁਨੇਹੇ ਭੇਜੇ ਜਾਂਦੇ ਸਨ, ਜਿਸ ਰਾਹੀਂ ਇਹ ਪੂਰਾ ਨੈੱਟਵਰਕ ਚਲਾਇਆ ਜਾ ਰਿਹਾ ਸੀ। ਤਸਕਰਾਂ ਨੂੰ ਸਪੈਸਿਫਿਕ ਲੋਕੇਸ਼ਨ ’ਤੇ ਪਹੁੰਚ ਕੇ ਹਥਿਆਰ ਇਕੱਠੇ ਕਰਨ ਦੀ ਹਦਾਇਤ ਕੀਤੀ ਜਾਂਦੀ ਸੀ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਪੂਰਾ ਮਾਮਲਾ ਇਕ ਵੱਡੀ ਸਾਜ਼ਿਸ਼ ਦਾ ਹਿੱਸਾ ਸੀ। ਜੁਗਰਾਜ ਸਿੰਘ ਤੇ ਬਲਵਿੰਦਰ ਸਿੰਘ ਇਨ੍ਹਾਂ ਦੋਵਾਂ ਨੂੰ ਕਾਬੂ ਕੀਤਾ ਗਿਆ ਹੈ। ਜੁਗਰਾਜ ਸਿੰਘ ਦੇ ਖ਼ਿਲਾਫ ਪਿਹਲਾ ਵੀ ਕਤਲ਼ ਦੇ ਕੇਸ ਦਰਜ ਹੈ।
ਪੁਲਿਸ ਦੇ ਅਨੁਸਾਰ, ਪਾਕਿਸਤਾਨ ਤੋਂ ਹਥਿਆਰ ਭੇਜਣ ਲਈ ਇਹ ਗੈਂਗ ਡਰੋਨ, ਨੈੱਟਵਰਕ ਕਾਰਿਅਰ ਅਤੇ ਸਥਾਨਕ ਸਹਾਇਕਾਂ ਦੀ ਮਦਦ ਲੈਂਦਾ ਸੀ। ਗ੍ਰਿਫ਼ਤਾਰ ਦੋਸ਼ੀਆਂ ਦੇ ਫੋਨ ਡਾਟਾ, ਵਟਸਐਪ ਚੈਟ ਅਤੇ ਹੋਰ ਡਿਜ਼ਿਟਲ ਸਬੂਤਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਕਿ ਪੂਰੇ ਕਨੈਕਸ਼ਨ ਅਤੇ ਬੈਕ-ਐਂਡ ਸਪਲਾਈ ਚੇਨ ਨੂੰ ਟ੍ਰੈਕ ਕੀਤਾ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਇਸ ਤਰ੍ਹਾਂ ਦੇ ਮਾਡਿਊਲਾਂ ਨੂੰ ਤੋੜਨ ਲਈ ਵਿਸ਼ੇਸ਼ ਓਪਰੇਸ਼ਨ ਲਗਾਤਾਰ ਚਲਾਏ ਜਾ ਰਹੇ ਹਨ, ਅਤੇ ਭਵਿੱਖ ਵਿੱਚ ਵੀ ਇਸ ’ਤੇ ਹੋਰ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ।

