
ਲੁਧਿਆਣਾ ਦੇ ਇਕ ਹੋਟਲ ਵਿਚ ਵਿਆਹ ਸਮਾਗਮ ਦੌਰਾਨ ਸਨੈਚਿੰਗ ਹੋਣ ਦੀ ਖਬਰ ਸਾਹਮਣੇ ਆਈ ਐ। ਘਟਨਾ ਸ਼ਹਿਰ ਦੇ ਫਿਰੋਜ਼ਪੁਰ ਰੋਡ ’ਤੇ ਪੈਂਦੇ ਹਯਾਤ ਹੋਟਲ ਦੀ ਐ। ਜਾਣਕਾਰੀ ਅਨੁਸਾਰ ਹੋਟਲ ਦੇ ਗੇਟ ਤੇ ਘੋੜੀ ਦੀ ਰਸਮ ਹੋ ਰਹੀ ਸੀ, ਜਿੱਥੇ ਦੋ ਲੁਟੇਰੇ 85 ਸਾਲਾ ਮਹਿਲਾ ਦੇ ਗਲੇ ਵਿਚੋਂ ਸੋਨੇ ਦੀ ਹਾਰ ਝਪਟ ਕੇ ਫਰਾਰ ਹੋ ਗਏ। ਖੋਹ ਹੋਏ ਹਾਰ 15 ਤੋਲੇ ਦਾ ਦੱਸਿਆ ਜਾ ਰਿਹਾ ਐ। ਪੁਲਿਸ ਪੀੜਤਾ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਪੀੜਤਾ ਦੀ ਪਛਾਣ ਰਮੀਲਾ ਮਹਿਰਾ ਵਾਸੀ ਪਿੰਡ ਦਾਦ, ਲੁਧਿਆਣਾ ਵਜੋਂ ਹੋਈ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਕਰਮ ਮਹਿਰਾ ਨੇ ਦੱਸਿਆ ਕਿ ਘੋੜੀ ਦੀ ਰਸਮ ਦੌਰਾਨ ਸਾਰੀਆਂ ਔਰਤਾਂ ਹੋਟਲ ਦੇ ਗੇਟ ਦੇ ਬਾਹਰ ਮੌਜੂਦ ਸਨ। ਉਸਦੀ 85 ਸਾਲਾ ਮਾਸੀ, ਰਮੀਲਾ ਮਹਿਰਾ ਵੀ ਉੱਥੇ ਖੜ੍ਹੀ ਸੀ। ਇੱਕ ਅਣਜਾਣ ਨੌਜਵਾਨ ਪਿੱਛੇ ਤੋਂ ਆਇਆ ਅਤੇ ਭੀੜ ਦਾ ਫਾਇਦਾ ਚੁਕਦਿਆਂ ਉਸਦੇ ਗਲੇ ਵਿੱਚੋਂ 15 ਤੋਲੇ ਸੋਨੇ ਦਾ ਹਾਰ ਖੋਹ ਕੇ ਫਰਾਰ ਹੋ ਗਿਆ।
ਖੋਹ ਸਾਰੀ ਘਟਨਾ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈ ਹੈ। ਵੀਡੀਓ ਵਿੱਚ ਪਰਿਵਾਰਕ ਮੈਂਬਰ ਹੋਟਲ ਦੇ ਬਾਹਰ ਦਿਖਾਈ ਦੇ ਰਹੇ ਨੇ। ਇਸ ਦੌਰਾਨ, ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ ਬਜ਼ੁਰਗ ਔਰਤ ਕੋਲ ਪਹੁੰਚਦੇ ਹਨ, ਜਿਨ੍ਹਾਂ ਵਿੱਚੋਂ ਇੱਕ, ਪਲਕ ਝਪਕਦੇ ਹੀ, ਉਸਦਾ ਹਾਰ ਖੋਹ ਲੈਂਦਾ ਹੈ ਅਤੇ ਭੱਜ ਜਾਂਦਾ ਹੈ। ਫੁਟੇਜ ਵਿੱਚ ਦੋ ਪਰਿਵਾਰਕ ਮੈਂਬਰ ਚੋਰ ਦਾ ਪਿੱਛਾ ਕਰਦੇ ਵੀ ਦਿਖਾਈ ਦਿੰਦੇ ਹਨ, ਪਰ ਉਹ ਆਪਣੇ ਉਡੀਕ ਕਰ ਰਹੇ ਸਾਥੀ ਦੀ ਬਾਈਕ ‘ਤੇ ਬਹਿ ਕੇ ਫਰਾਰ ਹੋ ਗਿਆ।
ਪੁਲਿਸ ਨੇ ਵਿਕਰਮ ਮਹਿਰਾ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿਚ ਲੈ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹੋਟਲ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਐ। ਪੁਲਿਸ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲੈਣਗੇ।

