
ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਵਿਚ ਬੀਤੀ ਸ਼ਾਮ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਨਵਾਂ ਪਾਇਆ ਲੈਂਟਰ ਅਚਾਨਕ ਡਿੱਗ ਪਿਆ। ਹਾਦਸੇ ਵਿਚ 3 ਤੋਂ 4 ਲੋਕ ਗੰਭੀਰ ਜ਼ਖਮੀ ਹੋਏ ਨੇ, ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਐ। ਜਾਣਕਾਰੀ ਅਨੁਸਾਰ ਲੈਂਟਰ ਪਾਉਣ ਤੋਂ ਬਾਅਦ ਮਸ਼ੀਨ ਖੋਲ੍ਹਣ ਦਾ ਕੰਮ ਕੀਤਾ ਜਾ ਰਿਹਾ ਸੀ ਕਿ ਅਚਾਨਕ ਮਸ਼ੀਨ ਦਾ ਚੈਨਲ ਅਤੇ ਲੈਂਟਰ ਦੇ ਡੰਡੇ ਢਿੱਲੇ ਹੋ ਗਏ, ਜਿਸ ਕਾਰਨ ਲੈਂਟਰ ਥੱਲੇ ਡਿੱਗ ਪਿਆ।
ਖਬਰਾਂ ਮੁਤਾਬਕ ਹਾਦਸੇ ਸਮੇਂ ਉੱਥੇ ਅੱਧਾ ਦਰਜਨ ਤੋਂ ਵੱਧ ਲੋਕ ਕੰਮ ਕਰ ਰਹੇ ਸਨ। ਮੌਕੇ ਤੇ ਪਹੁੰਚੀ ਥਾਣਾ ਸਦਰ ਅਧੀਨ ਪੈਂਦੀ ਚੌਂਕੀ ਬਸੰਤ ਐਵੇਨਿਊ ਟੀਮ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਪਛਾਣ ਗੁਰੂ ਨਗਰ ਕਾਲੋਨੀ ਦੇ ਰਹਿਣ ਵਾਲੇ ਰਾਮ ਆਸਰੇ ਵਜੋਂ ਹੋਈ ਹੈ, ਜਦੋਂ ਕਿ ਜ਼ਖਮੀਆਂ ਦੀ ਪਛਾਣ ਕਰਨੈਲ ਸਿੰਘ ਨਗਰ ਦੇ ਰਹਿਣ ਵਾਲੇ ਰਮੇਸ਼ ਰਾਏ ਅਤੇ ਅਜੈ ਦਾਸ ਵਜੋਂ ਹੋਈ ਹੈ। ਪ੍ਰਤੱਖਦਰਸ਼ੀਆਂ ਮੁਤਾਬਕ ਹਾਦਸਾ ਸ਼ਾਮ 6 ਵਜੇ ਦੇ ਕਰੀਬ ਸੈਣੀ ਟਰੇਡਰਜ਼ ਫੈਕਟਰੀ ‘ਚ ਵਾਪਰਿਆ ਐ।
ਹਾਦਸੇ ਤੋਂ ਬਾਅਦ ਮੌਕੇ ਦੀਆਂ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਹਨ। ਹਾਦਸੇ ਤੋਂ ਬਾਅਦ ਇੱਕ ਮਜ਼ਦੂਰ ਲੋਹੇ ਦੀਆਂ ਰਾਡਾਂ ‘ਚ ਫਸ ਗਿਆ ਅਤੇ ਇੱਕ ਹੋਰ ਮਜ਼ਦੂਰ ਰਮੇਸ਼ ਦੀ ਲੱਤ ‘ਚ ਕਾਫ਼ੀ ਸਮੇਂ ਤੱਕ ਤਿੰਨ ਲੋਹੇ ਦੀਆਂ ਰਾਡਾਂ ਰਹੀਆਂ, ਜਦੋਂ ਕਿ ਦੋ ਹੋਰ ਮਜ਼ਦੂਰਾਂ ਅਤੇ ਦੋ ਮਿਸਤਰੀਆਂ ਨੂੰ ਬਚਾ ਲਿਆ ਗਿਆ। ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਨੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਉਣ ਦੀ ਗੱਲ ਕਹੀ ਐ।

