
ਬਰਨਾਲਾ ਪੁਲਿਸ ਨੇ ਇੱਕ ਹਨੀ ਟ੍ਰੈਪ ਰੈਕੇਟ ਦਾ ਪਰਦਾਫਾਸ਼ ਕਰਦਿਆਂ ਔਰਤ ਸਮੇਤ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਐ। ਫੜੇ ਗਏ ਮੁਲਜ਼ਮ ਭੋਲੇ-ਭਾਲੇ ਲੋਕਾਂ ਨੂੰ ਪਹਿਲਾਂ ਆਪਣੇ ਜਾਲ ਵਿੱਚ ਫਸਾਂਉਂਦਾ ਸੀ ਅਤੇ ਫਿਰ ਘਰ ਬੁਲਾ ਕੇ ਬੰਧਕ ਬਣਾ ਕੇ ਅਪੱਤੀਜਨਕ ਫੋਟੋਆਂ ਖਿੱਚ ਕੇ ਬਲੈਕਮੇਲ ਕਰਦਾ ਸੀ। ਇਸ ਗਿਰੋਹ ਵੱਲੋਂ ਲੋਕਾਂ ਤੋਂ ਮੋਟੀ ਰਕਮ ਵਸੂਲ ਕੀਤੀ ਜਾਂਦੀ ਸੀ। ਪੁਲਿਸ ਨੇ ਇਨ੍ਹਾਂ ਕੋਲੋਂ 50 ਹਜ਼ਾਰ ਨਕਦੀ, ਇਕ ਮੋਟਰ ਸਾਇਕਲ ਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਨੇ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਜਾਣਕਾਰੀ ਅਨੁਸਾਰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਇਹ ਗਿਰੋਹ ਭੋਲੇ ਭਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਐ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਤਿੰਨ ਲੋਕਾਂ ਨੂੰ ਕਾਬੂ ਕੀਤਾ, ਜਿਨ੍ਹਾਂ ਵਿਚ ਇੱਕ ਮਹਿਲਾ ਵੀ ਸ਼ਾਮਲ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਤੋਂ 50,000 ਦੀ ਨਕਦੀ, ਇੱਕ ਮੋਟਰਸਾਈਕਲ ਅਤੇ ਤਿੰਨ ਮੋਬਾਇਲ ਫੋਨ ਵੀ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਇਹ ਗਿਰੋਹ ਪਹਿਲਾਂ ਸ਼ਿਕਾਰ ਨੂੰ ਫਸਾਂਦਾ, ਫਿਰ ਉਸ ਨਾਲ ਜਸਮਾਨੀ ਸੰਬੰਧ ਬਣਾਉਣ ਦੇ ਬਹਾਨੇ ਅਪੱਤੀਜਨਕ ਤਸਵੀਰਾਂ ਲੈਂਦਾ, ਜਿਸ ਤੋਂ ਬਾਅਦ ਹੋਰ ਸਾਥੀਆਂ ਨੂੰ ਬੁਲਾ ਕੇ ਉਸ ਵਿਅਕਤੀ ਨੂੰ ਕੈਦ ਕਰ ਲਿਆ ਜਾਂਦਾ ਸੀ। ਫਿਰ ਉਸ ਦੇ ਪਰਿਵਾਰ ਤੋਂ ਭਾਰੀ ਰਕਮ ਦੀ ਮੰਗ ਕੀਤੀ ਜਾਂਦੀ ਸੀ।
ਡੀਐਸਪੀ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਵੀ ਇਸ ਗਿਰੋਹ ਵਿਰੁੱਧ ਇੱਕ ਮਾਮਲਾ ਦਰਜ ਕੀਤਾ ਗਿਆ ਸੀ, ਜਿੱਥੇ ਇੱਕ ਵਿਅਕਤੀ ਨੂੰ ਬੰਦਕ ਬਣਾ ਕੇ 1.5 ਲੱਖ ਰੁਪਏ ਦੀ ਡਿਮਾਂਡ ਕੀਤੀ ਜਾ ਰਹੀ ਸੀ। ਪੁਲਿਸ ਨੇ ਟ੍ਰੈਪ ਲਗਾ ਕੇ ਤਿੰਨ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਹੈ ਅਤੇ ਹੋਰ ਜਾਂਚ ਜਾਰੀ ਹੈ। ਪੁਲਿਸ ਨੇ ਦੱਸਿਆ ਕਿ ਤਿੰਨ ਦੋਸ਼ੀਆਂ ਦਾ ਰਿਮਾਂਡ ਲੈ ਕੇ ਵੱਡੇ ਖੁਲਾਸੇ ਦੀ ਸੰਭਾਵਨਾ ਹੈ।
ਪੁਲਿਸ ਦੇ ਦੱਸਣ ਮੁਤਾਬਕ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਦੇ ਸੰਦੀਪ ਸਿੰਘ ਨੇ ਸਿਟੀ 2 ਪੁਲਿਸ ਸਟੇਸ਼ਨ ਬਰਨਾਲਾ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਪਿਤਾ ਗੁਰਜੰਟ ਸਿੰਘ ਨੂੰ ਵਿਅਕਤੀਆਂ ਨੇ ਬੰਧਕ ਬਣਾ ਲਿਆ ਸੀ ਅਤੇ ਉਸਦੀ ਰਿਹਾਈ ਲਈ 1.5 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰਕੇ ਜਾਲ ਵਿਛਾ ਦਿੱਤਾ। ਸ਼ਿਕਾਇਤਕਰਤਾ ਨੂੰ 50,000 ਰੁਪਏ ਨਕਦ ਭੇਜੇ ਗਏ ਅਤੇ ਉਸਦੇ ਨੋਟ ਪਹਿਲਾਂ ਹੀ ਕਾਪੀ ਕੀਤੇ ਗਏ। ਫਿਰ ਫੋਨ ਕਰਨ ਵਾਲੇ ਨੇ ਉਸਨੂੰ ਨਾਨਕਸਰ ਗੁਰਦੁਆਰਾ ਸਾਹਿਬ ਬੁਲਾਇਆ, ਜਿਵੇਂ ਹੀ ਦੋਸ਼ੀ ਨੇ ਪੀੜਤ ਤੋਂ ਪੈਸੇ ਵਸੂਲੇ, ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਦੋ ਦੋਸ਼ੀਆਂ, ਬਰਨਾਲਾ ਦੇ ਰਹਿਣ ਵਾਲੇ ਹਰਸਿਮਰਨਪ੍ਰੀਤ ਸਿੰਘ ਅਤੇ ਸੰਗਰੂਰ ਦੀ ਰਹਿਣ ਵਾਲੀ ਰਾਜਬੀਰ ਕੌਰ ਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਦੇ ਦੱਸਣ ਮੁਤਾਬਕ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਗੁਰਜੰਟ ਸਿੰਘ ਨੂੰ ਬਰਨਾਲਾ ਦੇ ਖੁਦੀ ਰੋਡ ‘ਤੇ ਕਿਰਾਏ ਦੇ ਮਕਾਨ ਵਿੱਚ ਬੰਧਕ ਬਣਾਇਆ ਗਿਆ ਸੀ। ਛਾਪੇਮਾਰੀ ਕੀਤੀ ਗਈ ਅਤੇ ਦੂਜੇ ਮੁਲਜ਼ਮ ਭੋਲਾ ਸਿੰਘ, ਜੋ ਕਿ ਦੁਗਾਲ ਦਾ ਰਹਿਣ ਵਾਲਾ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਹੁਣ ਇਹ ਸਿੱਟਾ ਕੱਢਿਆ ਹੈ ਕਿ ਮੁਲਜ਼ਮ ਇੱਕ ਰੈਕੇਟ ਦਾ ਹਿੱਸਾ ਸਨ, ਜਿਸ ਵਿੱਚ ਚਾਰ ਵਿਅਕਤੀ ਸ਼ਾਮਲ ਸਨ: ਸੁਖਵਿੰਦਰ ਕੌਰ, ਜੋ ਕਿ ਖੁਦੀ ਰੋਡ, ਬਰਨਾਲਾ ਦੀ ਰਹਿਣ ਵਾਲੀ ਹੈ, ਉਸਦਾ ਪੁੱਤਰ ਹਰਸਿਮਰਨਪ੍ਰੀਤ ਸਿੰਘ, ਰਾਜਬੀਰ ਕੌਰ ਅਤੇ ਭੋਲਾ ਸਿੰਘ। ਗੁਰਜੰਟ ਸਿੰਘ ਦੇ ਸੁਖਵਿੰਦਰ ਕੌਰ ਨਾਲ ਨਾਜਾਇਜ਼ ਸਬੰਧ ਸਨ। ਉਸਨੇ ਗੁਰਜੰਟ ਸਿੰਘ ਨੂੰ ਬਰਨਾਲਾ ਸਥਿਤ ਆਪਣੇ ਘਰ ਬੁਲਾਇਆ। ਜਦੋਂ ਹਰਸਿਮਰਨ ਸਿੰਘ ਅਤੇ ਭੋਲਾ ਸਿੰਘ ਪਹੁੰਚੇ ਤਾਂ ਉਹ ਉਸ ਨਾਲ ਸਬੰਧ ਬਣਾ ਰਿਹਾ ਸੀ। ਮੁਲਜਮਾਂ ਨੇ ਘਟਨਾ ਨੂੰ ਇਸ ਤਰ੍ਹਾਂ ਦਰਸਾਇਆ ਗਿਆ ਜਿਵੇਂ ਉਹ ਸੈਕਸ ਕਰਦੇ ਫੜੇ ਗਏ ਹੋਣ। ਬਾਅਦ ਵਿੱਚ, ਗੁਰਜੰਟ ਸਿੰਘ ਨੂੰ ਬੰਧਕ ਬਣਾਇਆ ਗਿਆ ਅਤੇ ਉਸਦੇ ਪਰਿਵਾਰ ਨੂੰ ਬੁਲਾ ਕੇ ਪੈਸੇ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ, ਪਰਿਵਾਰ ਨੂੰ ਗੁਰਜੰਟ ਸਿੰਘ ਦੀਆਂ ਫੋਟੋਆਂ ਅਤੇ ਵੀਡੀਓ ਜਨਤਕ ਤੌਰ ‘ਤੇ ਉਪਲਬਧ ਕਰਵਾਉਣ ਦੀ ਧਮਕੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਵਾਇਰਲ ਕਰਨ ਦੀ ਧਮਕੀ ਦਿੱਤੀ ਗਈ।
ਡੀਐਸਪੀ ਨੇ ਦੱਸਿਆ ਕਿ ਚਾਰ ਮੁਲਜ਼ਮਾਂ ਵਿੱਚੋਂ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਸੁਖਵਿੰਦਰ ਕੌਰ ਅਜੇ ਵੀ ਫਰਾਰ ਹੈ। ਜਾਲ ਵਿੱਚ ਵਰਤੇ ਗਏ 50,000 ਰੁਪਏ, ਇੱਕ ਮੋਟਰਸਾਈਕਲ ਅਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ ਅਤੇ ਹੋਰ ਸ਼ੱਕੀਆਂ ਦੇ ਫਸਣ ਦੀ ਉਮੀਦ ਹੈ। ਇਨ੍ਹਾਂ ਮੁਲਜ਼ਮਾਂ ‘ਤੇ ਇਸ ਤਰੀਕੇ ਨਾਲ ਦੂਜਿਆਂ ਨੂੰ ਬਲੈਕਮੇਲ ਕਰਨ ਦੇ ਦੋਸ਼ ਲੱਗ ਸਕਦੇ ਹਨ। ਪੁਲਿਸ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰੇਗੀ ਅਤੇ ਰਿਮਾਂਡ ਹਾਸਲ ਕਰੇਗੀ, ਅਤੇ ਜਾਂਚ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

