
ਜਲੰਧਰ ਦੇ ਗੁਰਾਇਆ ਕਸਬੇ ਵਿਚ ਬੀਤੀ ਰਾਤ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਲੋਕਾਂ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ। ਇਹ ਧਮਾਕਾ ਇਕ ਸੇਬਾ ਨਾਲ ਭਰੇ ਟਰੱਕ ਦਾ ਟਾਇਰ ਫਟਣ ਕਾਰਨ ਹੋਇਆ ਸੀ। ਹਾਦਸੇ ਤੋਂ ਬਾਅਦ ਟਰੱਕ ਪਲਟ ਗਿਆ ਸੀ, ਜਿਸ ਕਾਰਨ ਸੇਬਾਂ ਦੀਆਂ ਪੇਟਾਂ ਸੜਕ ਤੇ ਖਿੱਡ ਗਈਆਂ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਸੇਬਾਂ ਦੀਆਂ ਪੇਟੀਆਂ ਪਾਸੇ ਕਰਵਾ ਕੇ ਆਵਾਜਾਈ ਸ਼ੁਰੂ ਕਰਵਾਈ।
ਮੌਕੇ ਤੇ ਮੌਜੂਦ ਗੁਰਾਇਆ ਪੁਲਿਸ ਥਾਣੇ ਦੇ ਡਿਊਟੀ ਅਫਸਰ ਸੁਰਿੰਦਰ ਕੁਮਾਰ ਦੇ ਦੱਸਣ ਮੁਤਾਬਕ ਟਰੱਕ ਵਿਚ ਲਗਭਗ 500 ਸੇਬ ਦੇ ਬਕਸੇ ਸਨ, ਜਿਨ੍ਹਾਂ ਵਿਚੋਂ 150 ਦੇ ਕਰੀਬ ਬਕਸੇ ਸੜਕ ‘ਤੇ ਖਿੰਡੇ ਹੋਏ ਸਨ। ਕੁੱਝ ਬਕਸੇ ਫਟਣ ਕਾਰਨ ਸੇਬ ਸੜਕ ਤੇ ਵੀ ਖਿਲਰੇ ਹੋਏ ਸਨ। ਮੌਕੇ ਤੇ ਮੌਜੂਦ ਲੋਕਾਂ ਨੇ ਡਰਾਈਵਰ ਦੀ ਮਦਦ ਨਾਲ ਟਰੱਕ ਦਾ ਟਾਇਰ ਬਦਲ ਕੇ ਸੇਬਾਂ ਨੂੰ ਟਰੱਕ ਵਿਚ ਲੱਦ ਕੇ ਅੱਗੇ ਲਈ ਰਵਾਨਾ ਕੀਤਾ। ਸੇਬਾਂ ਨਾਲ ਲੱਦਿਆ ਟਰੱਕ ਹਰਿਆਣਾ ਦੇ ਭਿਵਾਨੀ ਜਾ ਰਿਹਾ ਸੀ। ਟਰੱਕ ਮਾਲਕ ਅਤੇ ਮਾਰਕੀਟ ਕਮਿਸ਼ਨ ਏਜੰਟਾਂ ਨੂੰ ਪਲਟਣ ਦੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਐ।

