
ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਜੇਤੂ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਆਪਣੇ ਅਹੁਦੇ ਦੀ ਸਹੁੰ ਚੁੱਕ ਲਈ ਐ। ਉਨ੍ਹਾਂ ਨੂੰ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਨੂੰ ਅਹੁਦੇ ਦਾ ਭੇਦ ਗੁਪਤ ਰੱਖਣ ਦੀ ਸਹੁੰ ਚੁਕਵਾਈ। ਹਰਮੀਤ ਸੰਧੂ ਸਾਲ 2002 ਤੇ 2007 ਅਤੇ 2012 ਵਿਚ ਤਿੰਨ ਵਾਰ ਲਗਾਤਾਰ ਤਰਨਤਾਰਨ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਜੁਲਾਈ ਮਹੀਨੇ ’ਚ ਉਹ ‘ਆਪ’ ਵਿਚ ਸ਼ਾਮਲ ਹੋਏ ਸਨ ਅਤੇ 11 ਨਵੰਬਰ ਨੂੰ ਜ਼ਿਮਨੀ ਚੋਣ ਜਿੱਤ ਕੇ ਹੁਣ ਚੌਥੀ ਵਾਰ ਵਿਧਾਨ ਸਭਾ ਪੁੱਜੇ ਹਨ।
ਵਿਧਾਇਕ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਭਗਵੰਤ ਮਾਨ ਨੇ ਸੰਧੂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਨਾਲ ਹੀ ਤਰਨਤਾਰਨ ਦੇ ਲੋਕਾਂ ਦੇ ਵਿਚਕਾਰ ਰਹਿ ਕੇ ਉਨ੍ਹਾਂ ਦੀ ਸੇਵਾ ਕਰਨ ਲਈ ਵੀ ਕਿਹਾ। ਮੁੱਖ ਮੰਤਰੀ ਮਾਨ ਨੇ ਇਸ ਮੁਲਾਕਾਤ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵੀ ਸਾਂਝ ਕੀਤੀ ਹੈ। ਉਨ੍ਹਾਂ ਲਿਖਿਆ, “ਅੱਜ ਚੰਡੀਗੜ੍ਹ ਰਿਹਾਇਸ਼ ਵਿਖੇ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਨਵੇਂ ਚੁਣੇ ਗਏ ਵਿਧਾਇਕ ਹਰਮੀਤ ਸਿੰਘ ਸੰਧੂ ਜੀ ਮਿਲਣ ਲਈ ਪਹੁੰਚੇ। ਉਨ੍ਹਾਂ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਵਧਾਈਆਂ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਨਾਲ ਹੀ ਉਨ੍ਹਾਂ ਨੂੰ ਤਰਨਤਾਰਨ ਦੇ ਲੋਕਾਂ ਦੇ ਵਿਚਕਾਰ ਰਹਿ ਕੇ ਸੇਵਾ ਕਰਨ ਲਈ ਕਿਹਾ।”
ਦੱਸ ਦਈਏ ਕਿ ਹਰਮੀਤ ਸਿੰਘ ਸੰਧੂ ਜ਼ਿਮਨੀ ਚੋਣ ਵਿਚ 12 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ਨਾਲ ਜੇਤੂ ਰਹੇ ਸਨ। ਇਹ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਮਗਰੋਂ ਖ਼ਾਲੀ ਹੋਈ ਸੀ। ਹਰਮੀਤ ਸੰਧੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਤਰਨਤਾਰਨ ਦੇ ਲੋਕਾਂ ਦਾ ਵੀ ਧੰਨਵਾਦ ਕਰਦਾ ਹੈ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਇੱਕ ਹਫ਼ਤੇ ਅੰਦਰ ਹੀ ਵਿਕਾਸ ਕਾਰਜ ਸ਼ੁਰੂ ਹੋ ਜਾਣਗੇ ਅਤੇ ਅੱਜ ਮੈਂ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਕੇ ਵਿਕਾਸ ‘ਤੇ ਚਰਚਾ ਕੀਤੀ ਐ। ਨਸ਼ੇ ਤੇ ਗੈਂਗਸਟਰਾਂ ਦੇ ਮੁੱਦੇ ‘ਤੇ ਗੱਲ ਕਰਦੇ ਹੋਏ ਵਿਧਾਇਕ ਹਰਮੀਤ ਸੰਧੂ ਨੇ ਕਿਹਾ ਕਿ ਗੈਂਗਸਟਰਵਾਦ ਤੇ ਨਸ਼ੇ ਖਿਲਾਫ਼ ਸਰਕਾਰ ਲੱਗੀ ਹੋਈ ਹੈ ਅਤੇ ਉਹ ਇਸ ਮੁੱਦੇ ‘ਤੇ ਕੰਮ ਕਰਨਗੇ। ਗੈਂਗਸਟਰ ਬਾਰੇ ਉਨ੍ਹਾਂ ਨੇ ਕਿਹਾ ਕਿ ਮਾਝੇ ਦੇ ਲੋਕ ਨਹੀਂ ਡਰਦੇ, ਲੋਕਾਂ ਨੇ ਠੋਕ-ਵਜਾ ਕੇ ਵੋਟਾਂ ਦਿੱਤੀਆਂ ਹਨ।

