
ਅੰਮ੍ਰਿਤਸਰ ਪੁਲਿਸ ਨੇ ਹਰਜਿੰਦਰ ਸਿੰਘ ਉਰਫ ਹੈਰੀ ਨਾਮ ਦੇ ਖਤਰਨਾਕ ਗੈਂਗਸਟਰ ਦਾ ਐਨਕਾਊਟਰ ਕੀਤਾ ਐ। ਪੁਲਿਸ ਨੇ ਮੁਲਜਮ ਨੂੰ ਮੁਕਾਬਲੇ ਤੋਂ ਬਾਅਦ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਸੀ, ਜਿੱਥੇ ਉਸ ਦੀ ਮੌਤ ਹੋ ਗਈ ਐ। ਪੁਲਿਸ ਦੇ ਦੱਸਣ ਮੁਤਾਬਕ ਮੁਲਜਮ ਜੇਲ੍ਹ ਵਿਚੋਂ ਜ਼ਮਾਨਤ ਤੇ ਬਾਹਰ ਆਇਆ ਸੀ ਅਤੇ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਦੀ ਫਿਰਾਖ ਵਿਚ ਸੀ। ਮੁਲਜਮ ਦਾ ਇਕ ਸਾਥੀ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਸੀ, ਜਿਸ ਦੀ ਭਾਲ ਕੀਤੀ ਜਾ ਰਹੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮ੍ਰਿਤਕ ਹਰਜਿੰਦਰ ਸਿੰਘ ਉਰਫ ਹੈਰੀ (32) ‘ਤੇ ਪੰਜ ਮਾਮਲੇ ਵੱਖ-ਵੱਖ ਥਾਣਿਆਂ ਵਿਚ ਦਰਜ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਬਾਹਰ ਬੈਠੇ ਗੈਂਗਸਟਰਾਂ ਅਤੇ ਆਈਐੱਸਆਈ ਨਾਲ ਵੀ ਸੰਬੰਧ ਸਨ। ਮੁਲਜ਼ਮਾਂ ਵੱਲੋਂ ਪਾਕਿਸਤਾਨ ਡਰੋਨ ਰਾਹੀਂ ਹਥਿਆਰਾਂ ਦੀ ਖ਼ੇਪ ਮੰਗਵਾਈ ਜਾਂਦੀ ਸੀ, ਇਨ੍ਹਾਂ ਕੋਲੋਂ ਦੋ ਪਿਸਤੌਲ ਵੀ ਬਰਾਮਦ ਹੋਏ ਹਨ।
ਪੁਲਿਸ ਅਨੁਸਾਰ ਇਹ ਮੁਲਜ਼ਮ ਜਦੋਂ ਵੀ ਜੇਲ੍ਹ ਤੋਂ ਬਾਹਰ ਆਉਂਦਾ ਤਾਂ ਸਿੱਧਾ ਪੁਰਾਣੇ ਗੈਂਗ ਮੈਂਬਰਾਂ ਅਤੇ ਅਪਰਾਧਕ ਲੋਕਾਂ ਨਾਲ ਸੰਪਰਕ ਕਰਦਾ ਸੀ। ਜਾਂਚ ਦੌਰਾਨ ਇਸਦੀ ਪਿਛਲੀ ਸਾਰੀਆਂ ਲੋਕੇਸ਼ਨ ਡਿਟੇਲਾਂ, ਕਾਲ ਰਿਕਾਰਡ ਅਤੇ ਮੀਟਿੰਗ ਪੁਆਇੰਟਸ ਦੀ ਵਿਸਤ੍ਰਿਤ ਤਸਦੀਕ ਕੀਤੀ ਜਾ ਰਹੀ ਹੈ। ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਹਰਜਿੰਦਰ ਸਿੰਘ ਉਰਫ ਹੈਰੀ ਜੋ ਕਿ ਜੱਜ ਨਗਰ ਮੋਹਕਮਪੁਰੇ ਦਾ ਰਹਿਣ ਵਾਲਾ ਸੀ। ਉਹ ਵੱਖ-ਵੱਖ ਮਾਮਲਿਆਂ ਵਿਚ ਜੇਲ੍ਹ ਗਿਆ ਸੀ ਜਿਨ੍ਹਾਂ ਵਿਚ ਕੁਝ ਪਠਾਨਕੋਟ ਦੇ ਜਦਕਿ ਕੁਝ ਅੰਮ੍ਰਿਤਸਰ ਕਮਿਸ਼ਨਰੇਟ ਦੇ ਕੇਸ ਹਨ।
ਫਿਲ਼ਹਾਲ ਪੁਲਿਸ ਨੇ ਪੰਜ ਗੰਭੀਰ ਮੁਕੱਦਮਿਆਂ ਦੀ ਫਾਈਲ ਖੋਲ੍ਹ ਕੇ ਇਸਦੇ ਪੁਰਾਣੇ ਰਿਕਾਰਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸਦੀ ਆਈਡੀ ਦੇ ਸਕੈਨ ਤੋਂ ਬਾਅਦ ਕਈ ਨਵੇਂ ਤੱਥ ਮਿਲੇ ਹਨ, ਜੋ ਜਾਂਚ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਦਾ ਇੱਕ ਸਾਥੀ ਜੋ ਕਿ ਇਸ ਦੇ ਮੋਟਰਸਾਈਕਲ ਦੇ ਪਿੱਛੇ ਬੈਠਿਆ ਸੀ ਜਿਸ ਦਾ ਨਾਂ ਸੰਨੀ ਜੋ ਕਿ ਅਟਾਰੀ ਦਾ ਰਹਿਣ ਵਾਲਾ ਹੈ ਉਹ ਭੱਜਣ ਵਿਚ ਕਾਮਯਾਬ ਹੋ ਗਿਆ ਉਸ ਨੂੰ ਫੜਨ ਲਈ ਵੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਹਨ।
ਪੁਲਿਸ ਦੇ ਦੱਸਣ ਮੁਤਾਬਕ ਹਾਲੀਆ ਦਿਨਾਂ ਵਿੱਚ ਅੰਮ੍ਰਿਤਸਰ ਵਿੱਚ ਹੋਈਆਂ ਕੁਝ ਵਾਰਦਾਤਾਂ ਵਿੱਚ ਵੀ ਇਸਦੀ ਸੰਭਾਵੀ ਭੂਮਿਕਾ ਦੀ ਜਾਂਚ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ “ਹਾਲਾਂਕਿ ਹੁਣ ਕੁਝ ਕਹਿਣਾ ਜ਼ਰਾ ਜਲਦੀ ਹੋਵੇਗਾ, ਪਰ ਜਲਦੀ ਹੀ ਸਾਰਾ ਕੁਝ ਟ੍ਰੇਸ ਹੋਣ ਦੀ ਉਮੀਦ ਹੈ। ਜਾਂਚ ਦੌਰਾਨ ਇੱਕ ਹੋਰ ਖੁਲਾਸਾ ਇਹ ਵੀ ਹੋਇਆ ਕਿ ਝਗੜੇ ਵਿੱਚ ਗੰਭੀਰ ਤੌਰ ਤੇ ਜ਼ਖ਼ਮੀ ਮੁਲਜ਼ਮ ਨੂੰ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਹੁਣ ਮਾਮਲੇ ਦੀ ਪੂਰੀ ਜਾਂਚ ਅਤੇ ਹਥਿਆਰਾਂ ਦੇ ਸਰੋਤ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਪੂਰੀ ਚੇਨ ਨੂੰ ਬੇਨਕਾਬ ਕਰਕੇ ਇਹ ਨੈੱਟਵਰਕ ਤੋੜਿਆ ਜਾਵੇਗਾ ਅਤੇ ਹਰ ਸਬੰਧਤ ਵਿਅਕਤੀ ਨੂੰ ਕਾਨੂੰਨੀ ਲਪੇਟ ਵਿੱਚ ਲਿਆ ਜਾਵੇਗਾ।

