
ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਜ਼ੀਰਕਪੁਰ ਵਿਖੇ ਵੱਡੀ ਕਾਰਵਾਈ ਕਰਦਿਆਂ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ। ਜਾਣਕਾਰੀ ਅਨੁਸਾਰ, ਐਨਸੀਬੀ ਟੀਮ ਨੇ ਜ਼ੀਰਕਪੁਰ ਦੇ ਪਹਿਲਵਾਨ ਢਾਬੇ ਨੇੜੇ ਯੂਪੀ ਨੰਬਰ ਵਾਲੇ ਇੱਕ ਟਰੱਕ ਦੀ ਤਲਾਸ਼ੀ ਦੌਰਾਨ ਲਗਭਗ 5 ਲੱਖ ਟ੍ਰਾਮਾਡੋਲ ਗੋਲੀਆਂ ਬਰਾਮਦ ਕੀਤੀਆਂ ਨੇ। ਟੀਮ ਨੇ ਟਰੱਕ ਡਰਾਈਵਰ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਟੀਮ ਦੀ ਮੁਢਲੀ ਜਾਂਚ ਮੁਤਾਬਕ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਨੂੰ ਦੇਹਰਾਦੂਨ ਤੋਂ ਅੰਮ੍ਰਿਤਸਰ ਇੱਕ ਟਰੱਕ ਵਿੱਚ ਲਿਜਾਇਆ ਜਾ ਰਿਹਾ ਸੀ। ਐਨ.ਸੀ.ਬੀ. ਟੀਮ ਨੇ ਜ਼ੀਰਕਪੁਰ ਵਿੱਚ ਏਅਰਪੋਰਟ ਰੋਡ ‘ਤੇ ਇੱਕ ਢਾਬੇ ‘ਤੇ ਜਾਲ ਵਿਛਾ ਕੇ ਟਰੱਕ ਨੂੰ ਰੋਕਿਆ। ਜ਼ਬਤ ਕੀਤੇ ਗਏ ਟਰੱਕ ‘ਤੇ ਉੱਤਰ ਪ੍ਰਦੇਸ਼ ਦਾ ਰਜਿਸਟ੍ਰੇਸ਼ਨ ਨੰਬਰ ਹੈ।
ਅਧਿਕਾਰੀਆਂ ਦੇ ਦੱਸਣ ਮੁਤਾਬਕ ਜ਼ਬਤ ਕੀਤੀ ਖੇਪ ਵਿੱਚ ਨਸ਼ੀਲਾ ਪਦਾਰਥ ਟ੍ਰਾਮਾਡੋਲ ਸ਼ਾਮਲ ਸੀ, ਜਿਸ ‘ਤੇ ਸਰਕਾਰ ਦੁਆਰਾ ਸਖ਼ਤੀ ਨਾਲ ਪਾਬੰਦੀ ਲਗਾਈ ਗਈ ਹੈ। 500,000 ਬਰਾਮਦ ਕੀਤੀਆਂ ਗਈਆਂ ਗੋਲੀਆਂ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਇਸ ਸਮੇਂ ਇਸ ਡਰੱਗ ਨੈੱਟਵਰਕ ਦੇ ਮਾਸਟਰਮਾਈਂਡ ਤੱਕ ਪਹੁੰਚਣ ਲਈ ਗ੍ਰਿਫ਼ਤਾਰ ਡਰਾਈਵਰ ਤੋਂ ਪੁੱਛਗਿੱਛ ਕਰ ਰਹੀ ਹੈ।


