
ਅੰਮ੍ਰਿਤਸਰ ਦੇ ਹਲਕਾ ਬਾਬਾ ਬਕਾਲਾ ਦੇ ਪਿੰਡ ਧੁਲਕੇ ਵਿਖੇ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਖਬਰ ਐ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਵਜੋਂ ਹੋਈ ਐ ਜੋ ਇਕ ਕਰਿਆਨੇ ਦੀ ਦੁਕਾਨ ਕਰਦਾ ਸੀ। ਪਰਿਵਾਰ ਦੇ ਦੱਸਣ ਮੁਤਾਬਕ 50 ਲੱਖ ਫਿਰੌਤੀ ਦੀ ਮੰਗ ਕਰਦਿਆਂ ਪਹਿਲਾਂ ਘਰ ਤੇ ਫਾਇਰਿੰਗ ਹੋਈ ਸੀ, ਜਿਸ ਬਾਰੇ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਸੀ ਪਰ ਨੇ ਮੌਕਾ ਵੀ ਵੇਖਿਆ ਸੀ ਪਰ ਅੱਜ ਅਣਪਛਾਤਿਆਂ ਨੇ ਦੁਕਾਨ ਤੇ ਫਾਇਰਿੰਗ ਕਰ ਦਿੱਤੀ ਐ, ਜਿਸ ਨਾਲ ਰਣਜੀਤ ਸਿੰਘ ਦੀ ਮੌਤ ਹੋ ਗਈ ਐ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ 26 ਦੀ ਰਾਤ ਨੂੰ ਘਰ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਸੀ ਅਤੇ 50 ਲੱਖ ਦੀ ਫਰੌਤੀ ਮੰਗੀ ਗਈ ਸੀ ਜਿਸ ਬਾਰੇ ਪੁਲਿਸ ਨੂੰ ਇਤਲਾਹ ਕੀਤੀ ਸੀ ਅਤੇ ਪੁਲਿਸ ਵੱਲੋਂ ਆ ਕੇ ਮੌਕਾ ਵੇਖਿਆ ਗਿਆ ਪਰ ਉਸ ਤੋਂ ਬਾਅਦ ਕੋਈ ਵੀ ਫੋਨ ਕਾਲ ਨਹੀਂ ਆਇਆ ਅਤੇ ਅੱਜ ਅਣਪਛਾਤੇ ਵਿਅਕਤੀਆਂ ਵੱਲੋਂ ਦੁਕਾਨ ਉੱਪਰ ਫਾਇਰਿੰਗ ਕੀਤੀ ਗਈ ਜਿਸ ਨਾਲ ਇੱਕ ਗੋਲੀ ਮੇਰੇ ਪਿਤਾ ਰਣਜੀਤ ਸਿੰਘ ਦੇ ਛਾਤੀ ਵਿੱਚ ਲੱਗੀ ਜਿਸ ਦੇ ਨਾਲ ਮੌਕੇ ਤੇ ਹੀ ਮੌਤ ਹੋ ਗਈ।
ਪਰਿਵਾਰ ਦਾ ਕਹਿਣਾ ਹੈ ਕਿ 26 ਤਰੀਕ ਦੀ ਫਾਇਰਿੰਗ ਸਮੇਂ ਮੌਕੇ ਤੇ ਪਹੁੰਚੇ ਡੀਐਸਪੀ ਜਾਂਚ ਦਾ ਭਰੋਸਾ ਦਿੱਤਾ ਸੀ ਪਰ ਬਾਅਦ ਵਿਚ ਉਹਨਾਂ ਚੋਣਾਂ ਵਿੱਚ ਡਿਊਟੀ ਹੋਣ ਦਾ ਹਵਾਲਾ ਦਿੰਦਿਆਂ ਬਾਅਦ ਵਿਚ ਗੱਲਬਾਤ ਕਰਨ ਬਾਰੇ ਕਿਹਾ ਸੀ ਪਰ ਅੱਜ ਇਹ ਭਾਣਾ ਵਾਪਰ ਗਿਆ ਐ। ਪਰਿਵਾਰ ਦਾ ਕਹਿਣਾ ਐ ਕਿ ਇਹ ਕਤਲ ਪੁਲਿਸ ਪ੍ਰਸ਼ਾਸਨ ਦੀ ਨਕਾਮੀ ਕਾਰਨ ਹੋਇਆ ਐ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਸਮੇਂ ਸਿਰ ਕਦਮ ਚੁੱਕੇ ਹੁੰਦੇ ਤਾਂ ਅੱਜ ਇਹ ਭਾਣਾ ਨਾ ਵਾਪਰਦਾ। ਉਹਨਾਂ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਨੂੰ ਕਾਬੂ ਨਹੀਂ ਕੀਤਾ ਜਾਵੇਗਾ ਅਸੀਂ ਆਪਣੇ ਪਿਤਾ ਦਾ ਸੰਸਕਾਰ ਨਹੀਂ ਕਰਾਂਗੇ।
ਪਰਿਵਾਰ ਦਾ ਕਹਿਣਾ ਹੈ ਕਿ ਹਾਲਾਤ ਇੰਨੇ ਕੁ ਖਰਾਬ ਹੋ ਚੁੱਕੇ ਹਨ ਅੱਜ ਸਾਡੇ ਪਰਿਵਾਰ ਦੇ ਜੀਅ ਦੀ ਜਾਨ ਗਈ ਹੈ। ਕੱਲ੍ਹ ਕਿਸੇ ਹੋਰ ਦੇ ਪਰਿਵਾਰ ਦੇ ਜੀਅ ਦੀ ਜਾਨ ਜਾ ਸਕਦੀ। ਉਹਨਾਂ ਕਿਹਾ ਕਿ ਸਾਡੇ ਬੱਚੇ ਸਕੂਲ ਜਾਂਦੇ ਹਨ ਕੱਲ੍ਹ ਨੂੰ ਉਹਨਾਂ ਤੇ ਵੀ ਗੋਲੀਆਂ ਚੱਲ ਸਕਦੀਆਂ ਹਨ। ਹਾਲਾਤ ਬਹੁਤ ਹੀ ਮਾੜੇ ਹੋ ਚੁੱਕੇ ਹਨ ਅਤੇ ਕਾਰੋਬਾਰ ਕਰਨਾ ਮੁਸ਼ਕਿਲ ਹੋਇਆ ਪਿਆ ਹੈ।
ਉਧਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਆਸ ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਪਹਿਚਾਣ ਕਰਕੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪਿੰਡ ਦੇ ਲੋਕਾਂ ਕੋਲੋਂ ਪਤਾ ਲੱਗਾ ਹੈ ਕਿ ਦੋ ਦੇ ਕਰੀਬ ਨੌਜਵਾਨ ਆਏ ਸਨ ਜਿਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਇੱਕ ਗੋਲੀ ਸਿੱਧੀ ਛਾਤੀ ਵਿੱਚ ਲੱਗਣ ਦੇ ਨਾਲ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

