
ਸੰਗਰੂਰ ਜ਼ਿਲ੍ਹੇ ਅੰਦਰ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਹੁੰਲਾਰਾ ਮਿਲਿਆ ਜਦਂ ਪਿੰਡ ਫੱਗੂਵਾਲਾ ਵਿਖੇ ਸੈਂਕੜੇ ਲੋਕਾਂ ਨੇ ਭਾਜਪਾ ਨੂੰ ਅਲਵਿਦਾ ਕਹਿ ਕੇ ਪਾਰਟੀ ਦਾ ਪੱਲਾ ਫੜ ਲਿਆ। ਘਰ ਵਾਪਸੀ ਕਰਨ ਵਾਲਿਆਂ ਦਾ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਨੇ ਸਨਮਾਨਤ ਕੀਤਾ। ਸਾਬਕਾ ਮੰਤਰੀ ਨੇ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਬਣਦਾ ਮਾਨ-ਸਤਿਕਾਰ ਦੇਣ ਦੇ ਭਰੋਸਾ ਦਿੱਤਾ। ਸਾਬਕਾ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਦੇ ਅਸ਼ੀਰਵਾਦ ਨਾਲ ਚੋਣਾਂ ਜਿੱਤੀਆਂ ਸੀ, ਉਸੇ ਤਰ੍ਹਾਂ 2027 ਵਿਚ ਵੀ ਸੰਗਰੂਰ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਈ ਜਾਵੇਗੀ।
ਵਿਜੈਇੰਦਰ ਸਿੰਗਲਾ ਨੇ ਅੱਗੇ ਕਿਹਾ ਕਿ ਇਹਨਾਂ ਦੇ ਕਾਂਗਰਸ ਵਿਚ ਸ਼ਾਮਲ ਹੋਣ ਤੇ ਮੈਂ ਆਪਣੇ ਆਪ ਨੂੰ ਤਾਕਤਵਰ ਮਹਿਸੂਸ ਕਰਦਾ ਹਾਂ। ਉਹਨਾਂ ਕਿਹਾ ਕਿ ਇਹਨਾਂ ਦੇ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਹੁਲਾਰਾ ਮਿਲੇਗਾ। ਤਰਨ ਤਾਰਨ ਜਿਮਨੀ ਚੋਣ ਬਾਰੇ ਬੋਲਦਿਆਂ ਸ਼੍ਰੀ ਸਿੰਗਲਾ ਨੇ ਕਿਹਾ ਕਿ ਉਹ ਇਕ ਪੰਥਕ ਸੀਟ ਸੀ ਜਿਸ ਕਾਰਨ ਕਾਂਗਰਸ ਪਾਰਟੀ ਨੂੰ ਵੱਡੀ ਹਾਰ ਮਿਲੀ ਹੈ, ਇਸ ਵਿਚ ਸਾਡੇ ਕੁਝ ਵੱਡੇ ਨੇਤਾਵਾਂ ਦੀਆਂ ਗਲਤੀਆਂ ਵੀ ਹਾਰ ਦਾ ਮੁੱਖ ਕਾਰਨ ਬਣੀਆਂ ਹਨ, ਜਿਸਦੀ ਮਾਫੀ ਵੀ ਉਚ ਆਗੂਆਂ ਵਲੋਂ ਮੰਗੀ ਗਈ, ਕਿਤੇ ਨਾ ਕਿਤੇ ਲੋਕਾਂ ਵਿਚ ਇਸ ਪ੍ਰਤੀ ਨਰਾਜਗੀ ਵੀ ਹੋਵੇਗੀ ਜਿਸ ਕਾਰਨ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਉਹਨਾਂ ਕਿਹਾ ਆਉਣ ਵਾਲੇ ਸਮੇਂ ਵਿਚ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਲੜਾਈ ਲੜੇਗੀ ਤਾਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਸਰਕਾਰ ਬਣਾਈ ਜਾ ਸਕੇ। ਪੰਜਾਬੀ ਯੂਨੀਵਰਸਿਟੀ ਵਿਚ ਚੱਲ ਰਹੇ ਸੰਘਰਸ਼ ਬਾਰੇ ਬੋਲਦਿਆਂ ਸਿੰਗਲਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਆਰਐਸਐਸ ਸਾਡੀ ਯੂਨੀਵਰਸਿਟੀ ਉਤੇ ਡਾਕਾ ਮਾਰਨਾ ਚਾਹੁੰਦੀ ਹੈ। ਸੰਗਰੂਰ ਸ਼ਹਿਰ ਦੇ ਸਿਵਲ ਹਸਪਤਾਲ ਵਿਚ ਲੱਗੇ ਗੰਦਗੀ ਦੇ ਢੇਰਾਂ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਸੁਨਾਮ ਤੋਂ ਸ਼ੁਰੂ ਹੋਈ ਚਿਕਨਗੁਨੀਆਂ ਦੀ ਬਿਮਾਰੀ ਪ੍ਰਤੀ ਸਰਕਾਰ ਬਿਲਕੁੱਲ ਗੰਭੀਰ ਨਹੀਂ ਹੈ ਜਿਸ ਕਾਰਨ ਲੋਕ ਬਿਮਾਰ ਹੋ ਰਹੇ ਹਨ। ਸ਼ਹਿਰਾਂ ਵਿਚ ਫੌਗਿੰਗ ਕਰਵਾਉਣੀ ਚਾਹੀਦੀ ਹੈ ਤਾਂ ਜੋ ਲੋਕ ਤੰਦਰੁਸਤ ਰਹਿ ਸਕਣ।

