
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਅੱਜ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ 350 ਸ਼ਹੀਦੀ ਪੁਰਬ ਦੀਆਂ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਈਟੀਓ ਨੇ ਕਿਹਾ ਕਿ ਸਰਕਾਰ ਵੱਲੋਂ ਇਲਾਕੇ ਦੇ ਵਿਕਾਸ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਨੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦਾ ਸ਼ੈਸਨ 24 ਤਰੀਕ ਨੂੰ ਆਨੰਦਪੁਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਐ, ਜਿਸ ਦੀਆਂ ਤਿਆਰੀਆਂ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਨੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ ਜੋੜਨ ਵਾਲੀਆਂ 317 ਕਿਲੋਮੀਟਰ ਸੜਕਾਂ ਦਾ 100 ਕਰੋੜ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਜਾ ਰਿਹਾ ਹੈ, ਜਿਸ ਨਾਲ ਸ਼ਰਧਾਲੂਆਂ ਲਈ ਸੁਚਾਰੂ ਆਵਾਜਾਈ ਯਕੀਨੀ ਬਣਾਈ ਜਾ ਸਕੇ। ਇਸ ਤੋਂ ਇਲਾਵਾ, 49.32 ਕਰੋੜ ਦੀ ਲਾਗਤ ਨਾਲ ਸ਼ਹਿਰ ਵਿੱਚ 127 ਕਿਲੋਮੀਟਰ ਅੰਦਰੂਨੀ ਸੜਕਾਂ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ।
ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਸ਼ਹਿਰ ਵਿੱਚ ਤਕਨੀਕੀ ਸੁਧਾਰਾਂ ਵੱਲ ਵੀ ਕਾਫ਼ੀ ਧਿਆਨ ਦਿੱਤਾ ਗਿਆ ਹੈ। ਊਰਜਾ-ਕੁਸ਼ਲ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ 750 ਨਵੇਂ ਖੰਭੇ ਲਗਾਏ ਗਏ ਹਨ, ਜੋ ਘੱਟ ਬਿਜਲੀ ਦੀ ਖਪਤ ਦੇ ਨਾਲ ਵਧੀ ਹੋਈ ਰੋਸ਼ਨੀ ਪ੍ਰਦਾਨ ਕਰਦੇ ਹਨ ਅਤੇ ਸ਼੍ਰੀ ਅਨੰਦਪੁਰ ਸਾਹਿਬ ਨੂੰ “ਵ੍ਹਾਈਟ ਸਿਟੀ” ਵਜੋਂ ਇੱਕ ਨਵੀਂ ਪਛਾਣ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਗੁਰਦੁਆਰੇ ਨੂੰ ਜਾਣ ਵਾਲੀਆਂ ਸਾਰੀਆਂ ਮੁੱਖ ਸੜਕਾਂ ‘ਤੇ ਮੁਰੰਮਤ ਦਾ ਕੰਮ ਵੱਖ-ਵੱਖ ਪੜਾਵਾਂ ਵਿੱਚ ਚੱਲ ਰਿਹਾ ਹੈ। ਈਟੀਓ ਹਰਭਜਨ ਸਿੰਘ ਨੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ-ਗੜ੍ਹਸ਼ੰਕਰ ਸੜਕ, ਜੋ ਕਿ ਇੱਕ ਮਹੱਤਵਪੂਰਨ ਸੰਪਰਕ ਸੜਕ ਹੈ, ‘ਤੇ 13 ਕਰੋੜ ਦੀ ਲਾਗਤ ਨਾਲ ਕੰਮ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਲਈ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੇ ਰਹਿਣ-ਸਹਿਣ ਲਈ ਵਿਆਪਕ ਪ੍ਰਬੰਧ ਕੀਤੇ ਹਨ। ਇੱਕ ਟੈਂਟ ਸਿਟੀ ਦਾ ਨਿਰਮਾਣ ਪੂਰਾ ਹੋ ਗਿਆ ਹੈ, ਜਿਸ ਵਿੱਚ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਇਸ ਟੈਂਟ ਸਿਟੀ ਲਈ ਔਨਲਾਈਨ ਬੁਕਿੰਗ ਪੂਰੀ ਤਰ੍ਹਾਂ ਮੁਫ਼ਤ ਹੋਵੇਗੀ, ਤਾਂ ਜੋ ਹਰ ਸ਼ਰਧਾਲੂ ਆਪਣੀ ਯਾਤਰਾ ਦੀ ਯੋਜਨਾ ਆਸਾਨੀ ਨਾਲ ਬਣਾ ਸਕੇ।
ਇਸ ਪਵਿੱਤਰ ਮੌਕੇ ਨੂੰ ਸਮਰਪਿਤ ਚਾਰ ਬ੍ਰਹਮ ਨਗਰ ਕੀਰਤਨ ਵੀ ਸੰਤਾਂ ਦੀ ਅਗਵਾਈ ਵਿੱਚ ਆਯੋਜਿਤ ਕੀਤੇ ਜਾਣਗੇ। ਰਾਜ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਸ਼ਰਧਾਲੂਆਂ ਦੀ ਸੇਵਾ ਲਈ ਹਰ ਸੰਭਵ ਸਹੂਲਤ ਪ੍ਰਦਾਨ ਕਰ ਰਿਹਾ ਹੈ। ਇਸ ਤੋਂ ਇਲਾਵਾ, 24 ਨਵੰਬਰ ਨੂੰ ਹੋਣ ਵਾਲਾ ਵਿਸ਼ੇਸ਼ ਪੰਜਾਬ ਵਿਧਾਨ ਸਭਾ ਸੈਸ਼ਨ ਵੀ ਨੌਵੇਂ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਹੋਵੇਗਾ। ਹਰਭਜਨ ਸਿੰਘ ਈਟੀਓ ਨੇ ਵਿਧਾਨ ਸਭਾ ਸੈਸ਼ਨ ਲਈ ਕੀਤੇ ਜਾ ਰਹੇ ਕੰਮ ਦੀ ਮੌਕੇ ‘ਤੇ ਸਮੀਖਿਆ ਕੀਤੀ ਅਤੇ ਕਿਹਾ ਕਿ ਸਾਰਾ ਕੰਮ ਸਮੇਂ ਸਿਰ ਪੂਰਾ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਯਤਨਸ਼ੀਲ ਹੈ ਕਿ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਣ ਵਾਲੇ ਇਤਿਹਾਸਕ ਸਮਾਗਮਾਂ ਦੌਰਾਨ ਹਰੇਕ ਸ਼ਰਧਾਲੂ ਆਰਾਮਦਾਇਕ, ਸੁਰੱਖਿਅਤ ਮਹਿਸੂਸ ਕਰੇ ਅਤੇ ਪੂਰਾ ਅਧਿਆਤਮਿਕ ਅਨੁਭਵ ਪ੍ਰਾਪਤ ਕਰੇ।

