
ਮੁੱਖ ਮੰਤਰੀ ਮਾਨ ਨੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਐ। ਇਹ ਕਾਰਵਾਈ ਗੈਂਗਸਟਰਾਂ ਖਿਲਾਫ ਮੁਹਿੰਮ ’ਚ ਲਾਹਪ੍ਰਵਾਹੀ ਦੇ ਚਲਦਿਆਂ ਕੀਤੀ ਗਈ ਐ। ਸਰਕਾਰ ਨੇ ਡਿਊਟੀ ‘ਚ ਲਾਪਰਵਾਹੀ ਅਤੇ ਗੈਂਗਸਟਰ ਗਤੀਵਿਧੀਆਂ ‘ਤੇ ਸਖ਼ਤ ਕਾਰਵਾਈ ਨਾ ਕਰਨ ਦੇ ਚੱਲਦੇ ਐਸਐਸਪੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਸਰਕਾਰ ਨੇ ਇਹ ਕਦਮ ਖੁਫੀਆ ਰਿਪੋਰਟਾਂ ਮਿਲਣ ਤੋਂ ਬਾਅਦ ਚੁੱਕਿਆ ਹੈ, ਜਿਸ ਵਿੱਚ ਗੈਂਗਸਟਰਾਂ ਖਿਲਾਫ ਕਾਰਵਾਈ ਵਿੱਚ ਅਣਗਹਿਲੀ ਅਤੇ ਕੁਝ ਕੇਸਾਂ ਵਿੱਚ ਸੁਸਤ ਰਵੱਈਆ ਅਪਣਾਏ ਜਾਣ ਦੀ ਗੱਲ ਕਹੀ ਗਈ ਸੀ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਮਾਨ ਪਹਿਲਾਂ ਹੀ ਆਖ ਚੁੱਕੇ ਹਨ ਕਿ ਗੈਂਗਸਟਰਾਂ ਅਤੇ ਅਪਰਾਧੀਆਂ ਖਿਲਾਫ ਚੱਲ ਰਹੀ ਮੁਹਿੰਮ ਵਿੱਚ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਨੂੰਨ-ਵਿਵਸਥਾ ‘ਤੇ ਕੋਈ ਸਮਝੌਤਾ ਨਹੀਂ ਹੋਵੇਗਾ ਅਤੇ ਹਰ ਅਧਿਕਾਰੀ ਤੋਂ ਜਵਾਬ ਤਲਬੀ ਹੋਵੇਗੀ।
ਆਈਪੀਐਸ ਮਨਿੰਦਰ ਸਿੰਘ 2019 ਬੈਚ ਦੇ ਅਧਿਕਾਰੀ ਹਨ ਜੋ ਐਸਐਸਪੀ ਅੰਮ੍ਰਿਤਸਰ ਦਿਹਾਤੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ, ਉਹ ਅੰਮ੍ਰਿਤਸਰ ਸ਼ਹਿਰੀ ਪੁਲਿਸ ਕਮਿਸ਼ਨਰੇਟ ਵਿੱਚ ਸਹਾਇਕ ਪੁਲਿਸ ਕਮਿਸ਼ਨਰ ਵਜੋਂ ਸੇਵਾ ਨਿਭਾਉਂਦੇ ਸਨ। ਉਹ ਪਹਿਲਾਂ ਤਰਨਤਾਰਨ ਜ਼ਿਲ੍ਹੇ ਵਿੱਚ ਪੁਲਿਸ ਸੁਪਰਡੈਂਟ (ਐਸਪੀ) ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ। ਬਾਅਦ ਵਿੱਚ ਉਨ੍ਹਾਂ ਨੂੰ ਪੰਜਾਬ ਦੇ ਰਾਜਪਾਲ ਦਾ ਸਹਾਇਕ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਏਡੀਸੀ) ਨਿਯੁਕਤ ਕੀਤਾ ਗਿਆ ਸੀ।

