
ਲੁਧਿਆਣਾ ਦੇ ਗਿਆਸਪੁਰਾ ਇਲਾਕੇ ’ਚ ਇਕ ਘਰ ਅੰਦਰ ਗੈਸ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗਣ ਦੀ ਖਬਰ ਐ। ਘਟਨਾ ਵਿਚ ਇਕ ਵਿਅਕਤੀ ਝੁਲਸ ਗਿਆ, ਜਿਸ ਨੂੰ ਕਮਰੇ ਵਿਚੋਂ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਐ ਜਿੱਥੋਂ ਉਸ ਦੀ ਗੰਭੀਰ ਹਾਲਤ ਵੇਖਦਿਆਂ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਐ। ਪੀੜਤ ਦੀ ਪਛਾਣ ਦੀਪਕ ਕੁਮਾਰ ਵਜੋਂ ਹੋਈ ਐ। ਡਾਕਟਰਾਂ ਮੁਤਾਬਕ ਪੀੜਤ 30 ਫੀਸਦੀ ਤਕ ਝੁਲਸਿਆ ਗਿਆ ਐ ਜਿਸ ਨੂੰ ਹੋਰ ਇਲਾਜ ਲਈ ਰੈਫਰ ਕੀਤਾ ਗਿਆ
ਜਾਣਕਾਰੀ ਅਨੁਸਾਰ ਗਿਆਸੁਪਰਾ ਇਲਾਕੇ ਦੇ ਢਿੱਲੋਂ ਨਗਰ ਵਿੱਚ ਅੱਜ ਸਵੇਰੇ ਇੱਕ ਘਰ ਵਿੱਚ ਗੈਸ ਸਿਲੰਡਰ ਲੀਕ ਹੋ ਗਿਆ। ਸਿਲੰਡਰ ਵਿੱਚੋਂ ਇੱਕ ਪਾਈਪ ਢਿੱਲੀ ਹੋ ਗਈ, ਜਿਸ ਕਾਰਨ ਕਮਰੇ ਵਿੱਚ ਅੱਗ ਲੱਗ ਗਈ, ਜਿਸ ਨਾਲ ਕਮਰਾ ਅੱਗ ਦੀ ਲਪੇਟ ਵਿੱਚ ਆ ਗਿਆ। ਸਿਲੰਡਰ ਦੇ ਕੋਲ ਬੈਠਾ ਦੀਪਕ ਕੁਮਾਰ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ। 32 ਸਾਲਾ ਦੀਪਕ ਕੁਮਾਰ ਬੁਰੀ ਤਰ੍ਹਾਂ ਝੁਲਸ ਗਿਆ। ਉਸਨੂੰ ਦੂਜਿਆਂ ਦੀ ਮਦਦ ਨਾਲ ਬਚਾਇਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ।
ਦੀਪਕ ਦੇ ਪਿਤਾ ਰਾਜੇਸ਼ ਨੇ ਦੱਸਿਆ ਕਿ ਘਟਨਾ ਸਮੇਂ ਦੀਪਕ ਘਰ ਵਿੱਚ ਇਕੱਲਾ ਸੀ। ਗੈਸ ਪਾਈਪ ਵਿੱਚ ਲੀਕ ਹੋਣ ਕਾਰਨ ਇਹ ਹਾਦਸਾ ਹੋਇਆ। ਦੀਪਕ ਵਿਆਹਿਆ ਹੋਇਆ ਹੈ ਅਤੇ ਉਸਦਾ 7 ਸਾਲ ਦਾ ਪੁੱਤਰ ਹੈ। ਹਾਦਸੇ ਸਮੇਂ ਉਸਦੀ ਪਤਨੀ ਅਤੇ ਪੁੱਤਰ ਦੋਵੇਂ ਘਰ ਦੇ ਬਾਹਰ ਸਨ। ਹਸਪਤਾਲ ਦੇ ਈਐਮਓ, ਡਾ. ਰਮਨ ਨੇ ਦੱਸਿਆ ਕਿ ਮਰੀਜ਼ ਲਗਭਗ 30 ਪ੍ਰਤੀਸ਼ਤ ਸੜ ਗਿਆ ਸੀ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਹੋਰ ਇਲਾਜ ਲਈ ਰੈਫਰ ਕੀਤਾ ਜਾ ਸਕਦਾ ਹੈ। ਦੀਪਕ ਦੇ ਚਿਹਰੇ, ਪੱਟਾਂ ਅਤੇ ਬਾਹਾਂ ਵਿੱਚ ਗੰਭੀਰ ਜਲਣ ਹੋਈ ਸੀ।

