ਅੰਮ੍ਰਿਤਸਰ ਦੇ ਰਣਜੀਤ ਐਵਨਿਊ ਦੇ ਲੋਕ ਕੂੜੇ ਤੋਂ ਪ੍ਰੇਸ਼ਾਨ; ਕੂੜੇ ਕਾਰਨ ਆਲੀਸ਼ਾਨ ਘਰ ਵੇਚਣ ਲਈ ਮਜ਼ਬੂਰ ਲੋਕ

0
13

 

ਅੰਮ੍ਰਿਤਸਰ ਦੇ ਪਾਸ਼ ਇਲਾਕੇ ਰਣਜੀਤ ਐਵੀਨਿਊ ਦੇ ਵਾਸੀ ਗੈਰ-ਕਾਨੂੰਨੀ ਡੰਪਿੰਗ ਗਰਾਊਂਡ ਤੋਂ ਡਾਂਢੇ ਪ੍ਰੇਸ਼ਾਨ ਨੇ। ਹਾਲਾਤ ਇਹ ਨੇ ਕਿ ਲੋਕ ਕੂੜੇ ਦੀ ਸਮੱਸਿਆ ਕਾਰਨ ਆਪਣੀਆਂ ਆਲੀਸ਼ਾਨ ਕੋਠੀਆਂ ਵੇਚ ਕੇ ਕਿਤੇ ਹੋਰ ਜਾਣ ਲਈ ਮਜਬੂਰ ਨੇ। ਸਥਾਨਕ ਵਾਸੀਆਂ ਦੇ ਦੱਸਣ ਮੁਤਾਬਕ ਭਾਵੇਂ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਇੱਥੇ ਡੰਪਿੰਗ ਗਰਾਊਂਡ ਦੇ ਕੂੜੇ ਨੂੰ ਅੱਗ ਲਾਉਣ ਖਿਲਾਫ ਸਖਤ ਹੁਕਮ ਜਾਰੀ ਕੀਤੇ ਹੋਏ ਨੇ ਪਰ ਇਸ ਦੇ ਬਾਵਜੂਦ ਮਸਲਾ ਹੱਲ ਨਹੀਂ ਹੋ ਰਿਹਾ ਐ। ਸਥਾਨਕ ਵਾਸੀਆਂ ਨੇ ਡਿਪਟੀ ਕਮਿਸ਼ਨਰ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਅੱਗੇ ਸਮੱਸਿਆ ਛੇਤੀ ਹੱਲ ਕਰਨ ਦੀ ਮੰਗ ਕੀਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੁਆਇੰਟ ਫੋਰਮ ਵੈਲਫੇਅਰ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਸੰਵਿਧਾਨਕ ਅਦਾਰੇ ਨੈਸ਼ਨਲ ਗਰੀਨ ਟ੍ਰਿਬਿਊਨਲ (ਐਨ.ਜੀ.ਟੀ.) ਨੇ ਰਣਜੀਤ ਐਵਿਨਿਊ, ਅੰਮ੍ਰਿਤਸਰ ਵਿਖੇ ਹੋ ਰਹੀ ਗੈਰ-ਕਾਨੂੰਨੀ ਕੂੜਾ ਡੰਪਿੰਗ ਤੇ ਕੂੜੇ ਨੂੰ ਅੱਗ ਲਗਾਉਣ ਦੇ ਮਾਮਲੇ ‘ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪੰਜਾਬ ਸਰਕਾਰ ਅਤੇ ਮਿਊਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਨੂੰ ਨੋਟਿਸ ਜਾਰੀ ਕਰਦੇ ਹੋਏ ਸਖ਼ਤ ਰੁਖ ਅਖਤਿਆਰ ਕੀਤਾ ਹੈ। ਐਨ.ਜੀ.ਟੀ. ਨੇ ਤੁਰੰਤ ਇਹ ਗੈਰ ਕਾਨੂੰਨੀ ਕਾਰਵਾਈ ਰੋਕਣ ਅਤੇ ਜਿੰਮੇਵਾਰ ਏਜੰਸੀ ‘ਤੇ ਜੁਰਮਾਨਾ ਲਗਾਉਣ ਦੇ ਹੁਕਮ ਦਿੱਤੇ ਹਨ ਪਰ ਇਸ ਦੇ ਬਾਵਜੂਦ ਮਸਲਾ ਹੱਲ ਨਹੀਂ ਹੋ ਰਿਹਾ।
ਦੱਸਣਯੋਗ ਐ ਕਿ ਜੁਆਇੰਟ ਫੋਰਮ ਆਫ ਵੈਲਫੇਅਰ ਐਸੋਸੀਏਸ਼ਨਜ਼ ਵੱਲੋਂ ਵਕੀਲ ਸ਼ਰਨਜੀਤ ਸਿੰਘ ਪੱਡਾ ਅਤੇ ਸੁਪਰੀਮ ਕੋਰਟ ਦੇ ਵਕੀਲ ਸਮੀਰ ਸੋਢੀ ਰਾਹੀਂ 22 ਅਕਤੂਬਰ 2025 ਨੂੰ ਐਨ.ਜੀ.ਟੀ. ਅੱਗੇ ਪੇਸ਼ ਕੀਤਾ ਗਿਆ ਸੀ। 7 ਨਵੰਬਰ 2025 ਨੂੰ ਜਸਟਿਸ ਸੀ.ਪੀ. ਸ੍ਰੀਵਾਸਤਵਾ ਅਤੇ ਡਾ. ਅਫਰੋਜ ਅਹਿਮਦ ਦੀ ਬੈਂਚ ਨੇ ਇਸ ਮਾਮਲੇ ਦਾ ਨੋਟਿਸ ਲੈਂਦੇ ਹੋਏ ਸਰਕਾਰੀ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ।
ਪਟੀਸ਼ਨਰਾਂ ਅਨੁਸਾਰ, ਕੂੜੇ ਨੂੰ ਸਕੂਲਾਂ ਅਤੇ ਰਹਾਇਸ਼ੀ ਇਲਾਕਿਆਂ ਦੇ ਨੇੜੇ ਸੁੱਟਣਾ ਅਤੇ ਸਾੜਨਾ ਸੋਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਦੀ ਉਲੰਘਣਾ ਹੈ। ਇਸ ਕਾਰਨ ਆਲੇ ਦੁਆਲੇ ਦੇ ਲੋਕਾਂ, ਖ਼ਾਸਕਰ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਬਰਸਾਤਾਂ ‘ਚ ਇਹ ਕੂੜਾ ਸੜ ਕੇ ਜਹਿਰੀਲੀ ਗੈਸਾਂ ਪੈਦਾ ਕਰਦਾ ਹੈ ਜਦਕਿ ਗਰਮੀਆਂ ‘ਚ ਇਸ ਨੂੰ ਅੱਗ ਲਗਾਉਣ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਹੈ। ਜੁਆਇੰਟ ਫੋਰਮ ਨੇ ਸਰਕਾਰ, ਡੀ.ਸੀ. ਅੰਮ੍ਰਿਤਸਰ ਅਤੇ ਇੰਪਰੂਵਮੈਂਟ ਟਰੱਸਟ ਨੂੰ ਅਪੀਲ ਕੀਤੀ ਹੈ ਕਿ ਐਨ.ਜੀ.ਟੀ. ਦੀਆਂ ਹਦਾਇਤਾਂ ਦੀ ਇਨ-ਬਿਨ ਪਾਲਣਾ ਕਰਦੇ ਹੋਏ ਇਲਾਕੇ ਨੂੰ ਸਾਫ਼ ਕੀਤਾ ਜਾਵੇ, ਫੁੱਲ ਬੂਟੇ ਲਗਾਏ ਜਾਣ ਤੇ ਨਾਗਰਿਕਾਂ ਨੂੰ ਸਿਹਤਮੰਦ ਵਾਤਾਵਰਣ ਮੁਹੱਈਆ ਕਰਵਾਇਆ ਜਾਵੇ।

LEAVE A REPLY

Please enter your comment!
Please enter your name here