
ਲੁਧਿਆਣਾ ਨਗਰ ਨਿਗਮ ਨੇ ਸ਼ਹਿਰ ਅੰਦਰ ਗੰਦਗੀ ਫੈਲਾਉਣ ਵਾਲਿਆਂ ਤੇ ਸਿਕੰਜਾ ਕੱਸਣ ਸ਼ੁਰੂ ਕਰ ਦਿੱਤਾ ਐ। ਇਸੇ ਤਹਿਤ ਵਿੱਢੀ ਸਫਾਈ ਮੁਹਿੰਮ ਤਹਿਤ ਨਗਰ ਨਿਗਮ ਨੇ ਦੇਰ ਰਾਤ ਕਾਰਵਾਈ ਕਰਦਿਆਂ ਦੁਕਾਨਾਂ ਦੇ ਬਾਹਰ ਪਏ ਕੂੜੇ ਨੂੰ ਲੈ ਕੇ 40 ਤੋਂ ਵੱਧ ਦੁਕਾਨਦਾਰਾਂ ਦੇ ਚੱਲਾਨ ਕੱਟੇ ਗਏ ਨੇ। ਨਿਗਮ ਨੇ ਇਹ ਕਾਰਵਾਈ ਹਰਗੋਬਿੰਦ ਨਗਰ, ਨਿਊ ਸ਼ਿਵਾ ਜੀ ਨਗਰ ਅਤੇ ਸ਼ਿੰਗਾਰ ਰੋਡ ਇਲਾਕਿਆਂ ਵਿੱਚ ਕੀਤੀ ਐ। ਨਿਗਮ ਅਧਿਕਾਰੀਆਂ ਨੇ ਨਾ ਸੁਧਰਨ ਦੀ ਸੂਰਤ ਵਿਚ ਹੋਰ ਸਖਤ ਐਕਸ਼ਨ ਦੀ ਚਿਤਾਵਨੀ ਦਿੱਤੀ ਐ। ਨਿਗਮ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਅਗਲੀ ਵਾਰ ਸੜਕਾਂ ’ਤੇ ਕੂੜਾ ਸੁੱਟਿਆ ਗਿਆ ਤਾਂ ਹੋਰ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਦੱਸਣਯੋਗ ਐ ਕਿ ਨਗਰ ਨਿਗਮ ਕਮਿਸ਼ਨਰ ਨੇ ਠੇਕੇਦਾਰਾਂ ਨੂੰ ਸਟੈਟਿਕ ਕੰਪੈਕਟਰਾਂ ਦੇ ਸਹੀ ਕੰਮਕਾਜ ਅਤੇ ਸ਼ਹਿਰ ਵਿਚੋਂ ਕੂੜੇ ਦੀ ਸਮੇਂ ਸਿਰ ਲਿਫਟਿੰਗ ਨੂੰ ਯਕੀਨੀ ਬਣਾਉਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਇਹ ਨਿਰਦੇਸ਼ ਮੰਗਲਵਾਰ ਨੂੰ ਸਰਾਭਾ ਨਗਰ ਸਥਿਤ ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਜਾਰੀ ਕੀਤੇ ਗਏ। ਮੀਟਿੰਗ ਵਿੱਚ ਸੰਯੁਕਤ ਕਮਿਸ਼ਨਰ ਵਿਨੀਤ ਕੁਮਾਰ, ਨਿਗਰਾਨ ਇੰਜੀਨਿਅਰ ਸ਼ਾਮ ਲਾਲ ਗੁਪਤਾ, ਨਗਰ ਨਿਗਮ ਦੇ ਠੇਕੇਦਾਰਾਂ ਸਮੇਤ ਹੋਰ ਮੌਜੂਦ ਸਨ।
ਠੇਕੇਦਾਰਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਉਪਰੋਕਤ ਕੰਮਾਂ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਲਈ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਠੇਕੇਦਾਰਾਂ ਤੋਂ ਫੀਡਬੈਕ ਵੀ ਲਈ ਗਈ। ਤਾਜਪੁਰ ਰੋਡ ‘ਤੇ ਨਗਰ ਨਿਗਮ ਦੇ ਮੁੱਖ ਡੰਪ ਸਾਈਟ ‘ਤੇ ਵਿਰਾਸਤੀ/ਲੈਗੇਸੀ ਅਤੇ ਤਾਜ਼ੇ ਕੂੜੇ ਦੀ ਪ੍ਰੋਸੈਸਿੰਗ ਦੇ ਕੰਮ ਨੂੰ ਤੇਜ਼ ਕਰਨ ਲਈ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।
ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਵਿੱਚ ਕੂੜਾ ਪ੍ਰਬੰਧਨ ਨੂੰ ਬਿਹਤਰ ਬਣਾਉਣ ਲਈ ਨਿਯਮਤ ਯਤਨ ਕੀਤੇ ਜਾ ਰਹੇ ਹਨ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਾਰੇ ਪਹਿਲੂਆਂ ਨੂੰ ਕਵਰ ਕੀਤਾ ਜਾ ਰਿਹਾ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸ਼ਹਿਰ ਭਰ ਵਿੱਚ ਸਫਾਈ ਨੂੰ ਯਕੀਨੀ ਬਣਾਉਣ ਅਤੇ ਜੇਕਰ ਉਹ ਇਹਨਾਂ ਆਦੇਸ਼ਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਵੀ ਕੀਤੀ ਜਾਵੇਗੀ।


